ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਬੀਤੇ ਦਿਨੀਂ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਮੋਨਤੈਲੋ ਵਿਖੇ ਇੱਕ ਪਾਕਿਸਤਾਨੀ ਮੂਲ ਦਾ ਨੌਜਵਾਨ ਅਤੇ 2 ਭਾਰਤੀ ਮੂਲ ਦੇ ਨੌਜਵਾਨ ਕੰਮ ਤੋਂ ਛੁੱਟੀ ਕਰਕੇ ਵਾਪਸ ਸਾਇਕਲਾਂ ਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਸਨ ਤਾਂ ਉਸ ਸਮੇਂ ਇੱਕ ਤੇਜ਼ ਰਫ਼ਤਾਰ ਵਾਲੀ ਕਾਰ ਨੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ. ਜਿਸ ਦੌਰਾਨ ਪਾਕਿਸਤਾਨੀ ਮੂਲ ਦੇ ਨੌਜਵਾਨ 32 ਸਾਲਾ ਆਰਿਫ਼ ਵਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਨੂੰ ਮਮੂਲੀ ਸੱਟਾ ਲੱਗੀਆਂ ਸਨ ਅਤੇ ਤੀਸਰਾ ਭਾਰਤੀ ਨੌਜਵਾਨ ਵਾਲ ਵਾਲ ਬਚ ਗਿਆ.
ਬੀਤੇ ਦਿਨ ਪਾਕਿਸਤਾਨ ਦੀ ਅੰਬੈਸੀ ਦੇ ਯਤਨਾਂ ਸਦਕਾ ਅਤੇ ਭਾਰਤੀ, ਪਾਕਿਸਤਾਨੀ ਮੂਲ ਦੇ ਨੌਜਵਾਨ ਅਤੇ ਸਮਾਜ ਸੇਵੀਆ ਦੇ ਉਪਰਾਲੇ ਸਦਕਾ ਆਰਿਫ਼ ਵਕਾਸ਼ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ, ਜਿੱਥੇ ਉਸ ਦੇ ਜੱਦੀ ਪਿੰਡ ਵਿੱਚ ਉਸਦੀ ਮ੍ਰਿਤਕ ਦੇਹ ਨੂੰ ਦਫ਼ਨ ਕਰ ਦਿੱਤਾ ਗਿਆ ਹੈ.
ਭਾਰਤੀ ਮੂਲ ਦੇ ਕਮਲਜੀਤ ਸਿੰਘ ਬੁੱਟਰ ਸਮਾਜ ਸੇਵੀ ਅਤੇ ਗੁਰਦੁਆਰਾ ਸਿੰਘ ਸਭਾ ਅਪਰੀਲੀਆ ਦੇ ਪ੍ਰੰਬਧਕ ਕਮੇਟੀ ਮੈਂਬਰ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਐਤਵਾਰ ਨੂੰ ਆਰੀਫ ਵਕਾਸ਼ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ ਹੈ. ਜਿਸ ਸਥਾਨ ਤੇ ਇਹ ਹਾਦਸਾ ਵਾਪਰਿਆ ਸੀ ਉਸ ਸਥਾਨ ਤੇ ਜਾ ਕੇ ਫੁੱਲਾਂ ਦੇ ਗੁਲਦਸਤੇ ਰੱਖ ਕੇ ਵਿਛੜੀ ਰੂਹ ਦੇ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ.
ਇਸ ਮੌਕੇ ਉਨ੍ਹਾਂ ਦੇ ਨਾਲ ਸੰਤੋਖ ਸਿੰਘ, ਪਾਕਿਸਤਾਨੀ ਮੂਲ ਦੇ ਅਸਾਨ ਰਿਆਜ਼, ਜੈਂਨ ਅਲੀ, ਰਾਸ਼ਿਦ ਅਲੀ ਅਤੇ ਇਟਾਲੀਅਨ ਵਕੀਲ ਫਬਰੀਸੀਓ ਫਰਾਂਕੋ ਵੀ ਹਾਜ਼ਰ ਸਨ।