ਭਾਰਤ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਤੀਜੀ ਲਹਿਰ ਦੇ ਖਤਰੇ ਦੇ ਵਿਚਕਾਰ ਬੱਚਿਆਂ ਦੀ ਇੱਕ ਹੋਰ ਵੈਕਸੀਨ ਦਾ ਰਾਹ ਖੁੱਲ੍ਹ ਸਕਦਾ ਹੈ। ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਨੇ ਭਾਰਤ ਵਿੱਚ 12-17 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨ ਦਾ ਟ੍ਰਾਇਲ ਕਰਨ ਦੀ ਮਨਜੂਰੀ ਮੰਗੀ ਹੈ। ਜਾਨਸਨ ਦੀ ਮਨਜੂਰੀ ਮੰਗਣ ਦੀ ਖ਼ਬਰ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਬੱਚਿਆਂ ਲਈ ਵਿਕਸਤ ਕੀਤੇ ਜਾ ਰਹੇ ਕੋਵਿਡ 19 ਦੇ ਟੀਕੇ ਨੂੰ ਲੈ ਕੇ ਜਾਰੀ ਖੋਜ ਦੇ ਨਤੀਜੇ ਅਗਲੇ ਮਹੀਨੇ ਆ ਸਕਦੇ ਹਨ। ਉਨ੍ਹਾਂ ਕਿਹ ਸੀ ਕਿ ਇਹ ਟੀਕਾ ‘ਬਹੁਤ ਛੇਤੀ’ ਮੁਹੱਈਆ ਹੋ ਸਕਦਾ ਹੈ।
ਮੰਡਾਵੀਆ ਨੇ ਕਿਹਾ ਸੀ, ‘ਸਾਡਾ ਉਦੇ਼ਸ ਹਰੇਕ ਨਾਗਰਿਕ ਦਾ ਟੀਕਾਕਰਨ ਕਰਨਾ ਹੈ। ਭਾਰਤ ਸਰਕਾਰ ਪਹਿਲਾਂ ਹੀ ਜਾਈਡਸ ਕੈਡੀਲਾ ਅਤੇ ਭਾਰਤ ਬਾਇਓਟੈਕ ਨੂੰ ਬੱਚਿਆਂ ਲਈ ਕੋਵਿਡ 19 ਟੀਕਾ ਵਿਕਸਤ ਕਰਨ ਲਈ ਖੋਜ ਕਰਨ ਦੀ ਮਨਜੂੂਰੀ ਦੇ ਚੁੱਕੀ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਉਨ੍ਹਾਂ ਦੀ ਖੋਜ ਦੇ ਨਤੀਜੇ ਅਗਲੇ ਮਹੀਨੇ ਆ ਜਾਣਗੇ। ਮੈਨੂੰ ਭਰੋਸਾ ਹੈ ਕਿ ਬੱਚਿਆਂ ਲਈ ਟੀਕੇ ਬਹੁਤ ਛੇਤੀ ਮੁਹੱਈਆ ਹੋਣਗੇ।’ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਦੋ ਤੋਂ 18 ਸਾਲ ਉਮਰ ਵਰਗ ਦੇ ਵਿਚਕਾਰ ਦੂਜੇ ਅਤੇ ਤੀਜੇ ਪੜਾਅ ਦੇ ਪ੍ਰੀਖਣਾਂ ਦੇ ਅੰਕੜੇ ਸਤੰਬਰ ਤੱਕ ਆ ਸਕਦੇ ਹਨ।