in

ਚਰਨਜੀਤ ਸਿੰਘ ਚੰਨੀ ਬਣੇ ਪੰਜਾਬ ਦੇ ਨਵੇਂ ਮੁੱਖ ਮੰਤਰੀ

ਚੰਡੀਗੜ੍ਹ -ਚਰਨਜੀਤ ਸਿੰਘ ਚੰਨੀ ਦੀ ਚੋਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਕੀਤੀ ਗਈ ਹੈ, ਉਹ ਕੱਲ੍ਹ 11 ਵਜੇ ਅਹੁਦੇ ਦੀ ਸਹੁੰ ਚੁੱਕਣਗੇ | ਸੁਖਜਿੰਦਰ ਸਿੰਘ ਰੰਧਾਵਾ ਅਤੇ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ | ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਵਲੋਂ ਇਕ ਦਲਿਤ ਚਿਹਰੇ ਦੀ ਮੁੱਖ ਮੰਤਰੀ ਵਜੋਂ ਚੋਣ ਕਰਕੇ ਵਿਰੋਧੀ ਧਿਰਾਂ ਨੂੰ ਹੈਰਾਨ ਕਰਨ ਵਾਲੀ ਕਾਰਵਾਈ ਕੀਤੀ ਹੈ | ਕਾਂਗਰਸ ਹਾਈਕਮਾਨ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਕਾਂਗਰਸ ‘ਚ ਚੱਲੇ 24 ਘੰਟਿਆਂ ਦੇ ਘਮਾਸਾਨ ਤੋਂ ਬਾਅਦ ਚੰਨੀ ਦੇ ਨਾਂਅ ਦਾ ਐਲਾਨ ਕੀਤਾ, ਜਦੋਂਕਿ ਦੇਰ ਸ਼ਾਮ ਚਰਨਜੀਤ ਸਿੰਘ ਚੰਨੀ ਨਾਲ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਿਚਰਵਾਰ ਨੂੰ ਆਪਣੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਅਧਿਕਾਰ ਦਿੱਤੇ ਗਏ ਸਨ |
ਪਾਰਟੀ ਹਾਈਕਮਾਨ ਵਲੋਂ ਪਹਿਲਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਨਾਂਅ ਨਵੇਂ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਚਾਹਿਆ ਪਰ ਇਸ ਦਾ ਕੁਝ ਮੰਤਰੀਆਂ ਤੇ ਵਿਧਾਇਕਾਂ ਵਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਦੇਸ਼ ਦਾ ਇਕੋ ਸੂਬਾ ਪੰਜਾਬ ਹੈ, ਜਿਥੇ ਪਗੜੀ ਧਾਰੀ ਮੁੱਖ ਮੰਤਰੀ ਬਣ ਸਕਦਾ ਹੈ ਤੇ ਇਸ ਰਵਾਇਤ ਨੂੰ ਖ਼ਤਮ ਨਾ ਕੀਤਾ ਜਾਵੇ | ਇਸ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੁੱਖ ਮੰਤਰੀ ਦੀ ਦੌੜ ਵਿਚ ਕੁੱਦ ਪਏ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਨੇ ਵੀ ਆਪਣਾ ਦਾਅਵਾ ਪੇਸ਼ ਕਰ ਦਿੱਤਾ | ਪਾਰਟੀ ਹਾਈਕਮਾਨ ਵਲੋਂ ਆਖ਼ਰ ਇਕ ਦਲਿਤ ਮੁੱਖ ਮੰਤਰੀ ਦੇਣ ਦਾ ਫ਼ੈਸਲਾ ਲੈਂਦਿਆਂ ਚੰਨੀ ਦੇ ਨਾਂਅ ‘ਤੇ ਮੋਹਰ ਲਗਾ ਦਿੱਤੀ, ਜਦੋਂਕਿ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਦੀ ਚੋਣ ਨਾਲ ਸਹਿਮਤ ਦੱਸੇ ਜਾ ਰਹੇ ਹਨ|
ਚੰਨੀ, ਜੋ ਕੈਪਟਨ ਸਰਕਾਰ ਵਿਚ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਦੇ ਮੰਤਰੀ ਸਨ, ਸਾਲ 2015-2016 ਦੌਰਾਨ ਵਿਧਾਨ ਸਭਾ ‘ਚ ਕਾਂਗਰਸ ਵਲੋਂ ਵਿਰੋਧੀ ਧਿਰ ਦੇ ਆਗੂ ਵੀ ਰਹਿ ਚੁੱਕੇ ਹਨ | ਦਲਿਤਾਂ ਦੇ ਹੱਕਾਂ ਨੂੰ ਲੈ ਕੇ ਉਹ ਲਗਾਤਾਰ ਸੰਘਰਸ਼ ਕਰਦੇ ਰਹੇ ਤੇ ਸਰਕਾਰ ਵਿਚ ਹੁੰਦਿਆਂ ਵੀ ਦਲਿਤਾਂ ਨਾਲ ਸਬੰਧਿਤ ਕਈ ਅਹਿਮ ਫ਼ੈਸਲੇ ਉਨ੍ਹਾਂ ਕਾਰਨ ਹੋਏ| ਰਾਜਪਾਲ ਨੂੰ ਪੇਸ਼ ਕੀਤੇ ਗਏ ਦਾਅਵੇ ਦੌਰਾਨ ਚਰਨਜੀਤ ਸਿੰਘ ਚੰਨੀ ਨਾਲ ਹਰੀਸ਼ ਰਾਵਤ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸਰਕਾਰੀਆ ਆਦਿ ਵੀ ਸ਼ਾਮਿਲ ਸਨ | ਚੰਨੀ ਮੁੱਖ ਮੰਤਰੀ ਵਜੋਂ 20 ਸਤੰਬਰ ਨੂੰ ਸਵੇਰੇ 11 ਵਜੇ ਸਹੁੰ ਚੁੱਕਣਗੇ ਪਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਹ ਸਮਾਗਮ ਬਹੁਤ ਸੀਮਤ ਰੱਖਿਆ ਜਾਵੇਗਾ ਤੇ ਰਾਜਭਵਨ ਵਲੋਂ ਕੇਵਲ 40 ਵਿਅਕਤੀਆਂ ਦੇ ਦਾਖ਼ਲੇ ਲਈ ਇਜਾਜ਼ਤ ਦਿੱਤੀ ਜਾਵੇਗੀ |

ਜੰਗਲਾਂ ਨੂੰ ਲੱਗੀ ਅੱਗ ਤੋਂ ਵਿਸ਼ਵ ਦੇ ਸਭ ਤੋਂ ਵੱਡੇ ਤੇ ਪੁਰਾਣੇ ਦਰੱਖਤਾਂ ਨੂੰ ਖਤਰਾ

ਸੁਰੱਖਿਆ ਜਵਾਨ ਘੋੜਿਆਂ ਉਪਰ ਕਰ ਰਹੇ ਹਨ ਪ੍ਰਵਾਸੀਆਂ ਦਾ ਪਿੱਛਾ