ਮਾਨਤੋਵਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਪੰਜਾਬ ਤੋਂ ਆਪਣੇ ਸੁਨਿਹਰੀ ਭਵਿੱਖ ਲਈ ਹਰ ਸਾਲ ਬਹੁਤ ਸਾਰੇ ਨੌਜਵਾਨ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਆ ਕੇ ਰੈਣ ਬਸੇਰਾ ਕਰ ਲੈਂਦੇ ਹਨ, ਪਰ ਹੋਣਾ ਉਹ ਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ, ਕਿਉਂਕਿ ਇਨਸਾਨ ਬਹੁਤ ਕੁਝ ਸੋਚਦਾ ਹੈ ਪਰ ਕਈ ਵਾਰ ਜ਼ਿੰਦਗੀ ਇਨਸਾਨ ਨੂੰ ਧੋਖਾ ਦੇ ਜਾਂਦੀ ਹੈ. ਇਸੇ ਤਰ੍ਹਾਂ ਦਾ ਮਾਮਲਾ ਇਟਲੀ ਦੇ ਵੈਰੋਨਾ ਤੋਂ ਸਾਹਮਣੇ ਆਇਆ ਹੈ ਜਿਥੇ ਵੈਰੋਨਾ ਨੇੜੇ ਇੱਕ ਪੰਜਾਬੀ ਨੌਜਵਾਨ ਦੀ ਕੰਮ ਦੌਰਾਨ ਅਚਨਚੇਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਲਖਵਿੰਦਰ ਸਿੰਘ ਲੱਕੀ ਕਸਤੀਲਿਉਨੇ (ਮਾਨਤੋਵਾ) ਨੇ ਦੱਸਿਆ ਕਿ, ਬਲਦੇਵ ਸਿੰਘ (43) ਸਪੁੱਤਰ ਲਾਹੌਰੀ ਸਿੰਘ ਜੋ ਕਿ ਥੋੜ੍ਹੇ ਦਿਨ ਪਹਿਲਾਂ ਹੀ ਕੰਮ ਤੇ ਲੱਗਾ ਸੀ, ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਉਹ ਕੰਮ ਤੇ ਲੱਗਾ ਤਾਂ ਥੋੜ੍ਹੇ ਟਾਈਮ ਬਾਅਦ ਹੀ ਬੇਹੋਸ਼ ਹੋ ਕੇ ਡਿੱਗ ਗਿਆ. ਉਪਰੰਤ ਇਟਲੀ ਦੇ ਸਿਹਤ ਵਿਭਾਗ ਨੂੰ ਫੋਨ ਕੀਤਾ ਗਿਆ ਥੋੜ੍ਹੇ ਸਮੇਂ ਬਾਅਦ ਐਂਬੂਲੈਂਸ ਦੇ ਨਾਲ ਆਏ ਡਾਕਟਰਾਂ ਨੇ ਜਾਂਚ ਪੜਤਾਲ ਦੌਰਾਨ ਬਲਦੇਵ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਬਲਦੇਵ ਸਿੰਘ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕਸਬਾ ਔੜ ਦੇ ਪਿੰਡ ਗੜ੍ਹੀ ਅਜੀਤ ਸਿੰਘ ਦਾ ਵਾਸੀ ਹੈ. ਸਮਾਜ ਸੇਵੀ ਸੰਸਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਨੇ ਇਟਲੀ ਦੀਆਂ ਸਮਾਜਸੇਵੀ ਸੰਸਥਾਵਾਂ ਕੋਲ ਮ੍ਰਿਤਕ ਸ਼ਰੀਰ ਨੂੰ ਭਾਰਤ ਭੇਜਣ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਜ਼ੋ ਮ੍ਰਿਤਕ ਬਲਦੇਵ ਸਿੰਘ ਦੀਆਂ ਅੰਤਿਮ ਰਸਮਾਂ ਪਰਿਵਾਰ ਵਲੋਂ ਨਿਭਾਈਆਂ ਜਾ ਸਕਣ।