ਉਦਘਾਟਨੀ ਰਸਮ ਮੌਕੇ ਪੁਨਤੀਨੀਆਂ ਤੇ ਸੇਸੇ ਰੋਮਾਨੋ ਦੇ ਮੇਅਰਾਂ ਨੇ ਭਰੀ ਹਾਜ਼ਰੀ
ਰੋਮ (ਕੈਂਥ) – ਇਟਲੀ ਵਿੱਚ ਸਿੱਖ ਭਾਈਚਾਰਾ ਜਿੱਥੇ ਦ੍ਰਿੜ ਇਰਾਦਿਆਂ ਤੇ ਸਖ਼ਤ ਮਿਹਨਤਾਂ ਨਾਲ ਕੰਮਾਂ ਕਾਰਾਂ ਤੇ ਹੋ ਵਿੱਦਿਅਦਕ ਖੇਤਰਾਂ ਵਿੱਚ ਕਾਮਯਾਬੀ ਦਾ ਨਵਾਂ ਇਤਿਹਾਸ ਰਚ ਰਿਹਾ ਹੈ, ਉੱਥੇ ਹੀ ਸਦਾ ਹੀ ਧੰਨ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਗੁਰਬਾਣੀ ਦਾ ਆਸਰਾ ਲੈਂਦਿਆਂ ਮਨੁੱਖਤਾ ਦੇ ਭਲੇ ਹਿੱਤ ਤੇ ਇਟਲੀ ਵਿੱਚ ਜਨਮੀ ਸਿੱਖ ਨੌਜਵਾਨ ਪੀੜ੍ਹੀ ਨੂੰ ਮਹਾਨ ਸਿੱਖ ਧਰਮ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਵਿੱਚ ਵੀ ਮੋਹਰੀ ਹੈ। ਅਜਿਹੇ ਕਾਰਜਾਂ ਵਿੱਚ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਦੀ ਸੰਗਤ ਦਾ ਵੀ ਉਚੇਚਾ ਜਿ਼ਕਰ ਆਉਂਦਾ ਹੈ, ਜਿਹੜੀ ਕਿ ਆਪਣੀ ਦਸੌਂਧ ਵਿੱਚੋਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਜਿਹੜੀਆਂ ਪਹਿਲਾਂ ਕਿਰਾਏ ਉਪੱਰ ਸਨ ਉਹਨਾਂ ਨੂੰ ਮੁੱਲ ਖਰੀਦਣ ਦਾ ਸਲਾਂਘਾਯੋਗ ਕਾਰਜ ਕਰ ਰਹੀਆਂ ਹਨ।
ਲਾਤੀਨਾ ਜਿਲ੍ਹਾ ਦਾ ਸ਼ਹਿਰ ਪੁਨਤੀਨੀਆਂ ਜਿੱਥੇ ਸੰਗਤਾਂ ਨੇ 13 ਅਗਸਤ 2017 ਨੂੰ ਗੁਰਦੁਆਰਾ ਸਿੰਘ ਸਭਾ ਦੀ ਸਥਾਪਨਾ ਕਿਰਾਏ ਦੀ ਇਮਾਰਤ ਵਿੱਚ ਕੀਤੀ ਸੀ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ, ਜਿਸ ਨੇ ਕਿ 3-4 ਸਾਲ ਵਿੱਚ ਹੀ ਕੋਰੋਨਾ ਸੰਕਟ ਚੱਲਦਿਆਂ ਵੀ ਗੁਰਦੁਆਰਾ ਸਾਹਿਬ ਲਈ ਲੱਖਾਂ ਰੁਪੲੈ ਦੀ ਮੁੱਲ ਦੀ ਸੁੰਦਰ ਇਮਾਰਤ ਵਿੱਚ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ, ਜਿੱਥੇ ਅੱਜ ਸੂਬੇ ਭਰ ਤੋਂ ਖਰਾਬ ਮੌਸਮ ਹੋਣ ਦੇ ਬਾਵਜੂਦ ਕਾਫਲਿਆਂ ਦੇ ਰੂਪ ਵਿੱਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਆਰੰਭੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਕੀਤਰਨ ਦਰਬਾਰ ਸਜਾਇਆ ਗਿਆ। ਜਿਸ ਵਿੱਚ ਪੰਥ ਦੇ ਨਾਮੀ ਰਾਗੀ, ਢਾਡੀ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਇਸ ਸਮਾਰੋਹ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸਿਸ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮਹਾਨ ਕਾਰਜ ਮੌਕੇ ਸ਼ਹਿਰ ਸੇਸੇ ਰੋਮਾਨੋ ਤੇ ਸ਼ਹਿਰ ਪੁਨਤੀਨੀਆਂ ਦੇ ਮੇਅਰਾਂ ਨੇ ਵੀ ਗੁਰਦੁਆਰਾ ਨਤਮਸਤਕ ਹੋਕੇ ਹਾਜ਼ਰੀ ਭਰੀ ਤੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਆਈ ਸੰਗਤ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ।