ਮਿਲਾਨ (ਇਟਲੀ) (ਸਾਬੀ ਚੀਨੀਆਂ) – ਇਟਲੀ ਦੇ ਇਕ ਮੈਡੀਕਲ ਸਟੋਰ ਮਾਲਕ ਨੇ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਦਸਵੰਧ ਵਾਲੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਆਪਣੇ ਮੈਡੀਕਲ ਸਟੋਰ ਤੋਂ ਦਵਾਈ ਲੈਣ ਵਾਲੇ ਹਰ ਭਾਰਤੀ ਨੂੰ 100 ਯੂਰੋ ਪਿੱਛੇ 10 ਪ੍ਰਤੀਸ਼ਤ ਘੱਟ ਰੇਟ ’ਤੇ ਦਵਾਈ ਦੇਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ। ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵੱਲੋਂ ਸਜਾਏ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਆਏ ਮੈਡੀਕਲ ਸਟੋਰ ਦੇ ਮਾਲਕ ਤੇ ਉਨ੍ਹਾਂ ਦੀ ਟੀਮ ਨੇ ਸਟੇਜ ਤੋਂ ਬੋਲਦੇ ਹੋਏ ਆਖਿਆ ਕਿ, ਭਾਰਤੀ ਲੋਕਾਂ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਇਸ ਕਮਿਨਊਟੀ ਲਈ ਕੁਝ ਖਾਸ ਕਰਨਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੂੰ ਸਿੱਖ ਧਰਮ ਨਾਲ ਸਬੰਧਤ ਇਕ ਕਿਤਾਬ ਵਿਚੋਂ ਦਸਵੰਧ ਬਾਰੇ ਪੜ੍ਹ ਕੇ ਪ੍ਰੇਰਨਾ ਮਿਲੀ ਕਿ ਜਿਸ ਤਰ੍ਹਾਂ ਇਕ ਸਿੱਖ ਆਪਣੀ ਕਿਰਤ ਕਮਾਈ ਨੂੰ ਸਫਲ ਬਨਾਉਣ ਲਈ ਦਸਵੰਧ ਕੱਢਦਾ ਹੈ, ਠੀਕ ਉਸੇ ਤਰ੍ਹਾਂ ਗੁਰੂ ਨਾਨਕ ਦੇਵ ਦੀ ਸੋਚ ਨੂੰ ਅਪਣਾਉਂਦੇ ਹੋਏ ਆਪਣੇ ਮੈਡੀਕਲ ਸਟੋਰ ’ਤੇ ਆਉਣ ਵਾਲੇ ਹਰ ਭਾਰਤੀ ਨੂੰ 100 ਪਿੱਛੇ 10 ਪ੍ਰਤੀਸ਼ਤ ਘੱਟ ਰੇਟ ’ਤੇ ਦਵਾਈ ਦੇਕੇ ਇਸ ਇਲਾਕੇ ਵਿਚ ਰਹਿੰਦੇ 20,000 ਹਜਾਰ ਦੇ ਕਰੀਬ ਭਾਰਤੀਆਂ ਨੂੰ ਲਾਭ ਪਹੁੰਚਾਉਣਾ ਚੁਾਹੁੰਦੇ ਹਨ। ਇਸ ਸ਼ਲਾਘਾਯੋਗ ਫੈਸਲੇ ਤੋਂ ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਪ੍ਰਬੰਧਕੀ ਢਾਂਚੇ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਿ੍ਹਤ ਵੀ ਕੀਤਾ ਗਿਆ।
ਦੱਸਣਯੋਗ ਹੈ ਕਿ ਇਸ ਮੈਡੀਕਲ ਸਟੋਰ ਵੱਲੋਂ ਪਿਛਲੇ ਸਾਲ ਕਰੋਨਾ ਕਾਲ ਦੌਰਾਨ ਗੈਰ ਕਾਨੂੰਨੀ ਤੌਰ ’ਤੇ ਰਹਿੰਦੇ ਭਾਰਤੀਆਂ ਨੂੰ ਕਰੋਨਾ ਵਾਇਰਸ ਦਾ ਟੀਕਾਕਰਨ ਕਰਨ ਵਿਚ ਵੀ ਵਿਸ਼ੇਸ਼ ਤੌਰ ’ਤੇ ਸਹਿਯੋਗ ਦਿੱਤਾ ਸੀ|