ਰੋਮ (ਇਟਲੀ) (ਕੈਂਥ) – ਭਾਰਤੀ ਸੰਵਿਧਾਨ ਦੇ ਪਿਤਾਮਾ, ਭਾਰਤੀ ਨਾਰੀ ਦੇ ਮੁੱਕਤੀ ਦਾਤਾ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ,ਗਰੀਬਾਂ ਦੇ ਮਸੀਹਾ, ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ-ਲੀਵੀ (ਸਬਾਊਦੀਆ) ਵਿਖੇ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਭਾਈ ਅਜੀਤਪਾਲ ਮੁੱਖ ਗ੍ਰੰਥੀ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ ਲੀਵੀ ਨੇ ਬਾਬਾ ਸਾਹਿਬ ਜੀ ਦੇ ਜੀਵਨਉਪਦੇਸ਼ ਤੋਂ ਕੀਤੀ। ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਮਿਸ਼ਨਰੀ ਪ੍ਰਚਾਰਕ ਸੁੱਖਵਿੰਦਰ ਭਰੋਮਜਾਰਾ ਤੇ ਰਜਿੰਦਰ ਪਾਲ (ਆਗੂ ਭਾਰਤ ਰਤਨ ਡਾ: ਅੰਬੇਦਕਰ ਵੈਲਫੇਅਰ ਐਸੋਸੀਏਸਨ ਇਟਲੀ ਰਜਿ:) ਨੇ ਸਾਂਝੇ ਰੂਪ ਵਿੱਚ ਕਿਹਾ ਕਿ, ਜੇਕਰ ਅੱਜ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਭਾਰਤੀ ਨਾਰੀ ਨੂੰ ਸਨਮਾਨਜਨਕ ਜਿੰਦਗੀ ਜਿਊਣ ਅਤੇ ਪੜ੍ਹਨ ਦਾ ਹੱਕ ਮਿਲਿਆ ਹੈ ਤਾਂ ਇਹ ਬਾਬਾ ਸਾਹਿਬ ਦੀ ਬਦੌਲਤ ਹੀ ਹੈ. ਬਾਬਾ ਸਾਹਿਬ ਨੇ ਹੀ ਭਾਰਤ ਵਿੱਚ ਪਤੀ ਦੀ ਮੌਤ ਨਾਲ ਸਤੀ ਕੀਤੀ ਜਾਂਦੀ ਔਰਤ ਨੂੰ ਜਿਊਣ ਦਾ ਹੱਕ ਲੈਕੇ ਦਿੱਤਾ।
ਬਾਬਾ ਸਾਹਿਬ ਦਾ ਇਹੀ ਮਿਸ਼ਨ ਹੈ ਕਿ ਮਨੂੰਵਾਦੀਆਂ ਵੱਲੋਂ ਸਮਾਜ ਵਿੱਚ 6000 ਤੋਂ ਵੱਧ ਜਾਤਾਂ ਵਿੱਚ ਵੰਡੇ ਭਾਰਤ ਦੇ ਮੂਲਨਿਵਾਸੀਆਂ ਨੂੰ ਭਾਰਤੀ ਸਤਾ ਦੇ ਭਾਗੀਦਾਰ ਬਣਾਉਣਾ ਹੈ ਤਦ ਹੀ ਭਾਰਤ ਦੇ ਬਹੁਜਨ ਸਮਾਜ ਨੂੰ ਬਰਾਬਰਤਾ ਦੇ ਹੱਕ ਮਿਲ ਸਕਦੇ ਹਨ। ਭਾਰਤ ਦਾ ਬਹੁਜਨ ਸਮਾਜ ਸਦੀਆਂ ਤੋਂ ਚਲੇ ਆ ਰਹੇ ਗੈਰ-ਬਰਾਬਰਤਾ ਵਾਲੇ ਸਿਸਟਮ ਨੂੰ ਖਤਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਲੋੜ ਹੈ ਆਪਣੀ ਵੋਟ ਦੀ ਤਾਕਤ ਨੂੰ ਸਮਝਣ ਦੀ, ਭਾਰਤੀ ਮੂਲ ਨਿਵਾਸੀ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਦੇਸ਼ ਅੰਦਰ ਵੱਡੇ ਤੋਂ ਵੱਡਾ ਇਨਕਲਾਬ ਲਿਆ ਸਕਦੇ ਹਨ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਆਗੂਆਂ ਨੇ ਆਈਆਂ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਦੇ 131ਵੇਂ ਜਨਮ ਦਿਨ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ, ਵਿਦੇਸ਼ਾਂ ਵਿੱਚ ਰਹਿੰਦੇ ਬਹੁਜਨ ਸਮਾਜ ਦੇ ਲੋਕ ਕਦੀ ਵੀ ਬਾਬਾ ਸਾਹਿਬ ਵੱਲੋਂ ਸਮਾਜ ਦੇ ਹੱਕਾਂ ਲਈ ਕੀਤੀਆਂ ਘਾਲਨਾਵਾਂ ਦਾ ਦੇਣਾ ਨਹੀਂ ਦੇ ਸਕਦੇ। ਇਸ ਮੌਕੇ ਆਏ ਮਿਸ਼ਨਰੀ ਜਥੇ, ਮਿਸ਼ਨਰੀ ਪ੍ਰਚਾਰਕ ਅਤੇ ਸੇਵਾਦਾਰਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ।