ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਲਵੀਨੀਓ ਰੋਮ ਵਿਚ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ 26 ਜੂਨ ਨੂੰ ਵਿਸ਼ਾਲ ਗੁਰਮਤਿ ਸਮਾਗਮ ਅਤੇ ਬੱਚਿਆਂ ਦੇ ਦਸਤਾਰ, ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰੂ ਘਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ, 24 ਜੂਨ ਦਿਨ ਸ਼ੁੱਕਰਵਾਰ ਨੂੰ ਆਖੰਠ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ ਉਨ੍ਹਾਂ ਦੇ ਭੋਗ 26 ਜੂਨ ਦਿਨ ਐਤਵਾਰ ਨੂੰ ਗੁਰਮਤਿ ਮਰਿਯਾਦਾ ਅਨੁਸਾਰ ਪਾਏ ਜਾਣਗੇ। ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਲਵੀਰ ਸਿੰਘ ਜੀ ਦੇ ਕੀਰਤਨੀਏ ਜਥੇ ਤੋਂ ਇਲਾਵਾ ਭਾਈ ਬਲਕਾਰ ਸਿੰਘ, ਭਾਈ ਵਿਕਰਮਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਦੇ ਕੀਰਤਨੀਏ ਜਥੇ ਵਲੋਂ ਦੀਵਾਨ ਸਜਾਏ ਜਾਣਗੇ, ਅਤੇ ਗੁਰੂ ਘਰ ਵਿਖੇ ਇੱਕਤਰ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਗੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬੱਚਿਆ ਦੇ ਦਸਤਾਰਾਂ ਸਜਾਉਣ ਦੇ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ. ਇਹ ਮੁਕਾਬਲੇ ਤਿੰਨ ਗਰੁੱਪਾਂ ਵਿੱਚ ਹੋਣਗੇ, ਜਿਸ ਵਿੱਚ ਪਹਿਲਾ ਗਰੁੱਪ 6-10 ਸਾਲ ਦੇ ਬੱਚੇ, ਦੂਜੇ ਗਰੁੱਪ ਵਿੱਚ 10- 16 ਸਾਲ ਕੇਵਲ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਤੀਸਰੇ ਗਰੁੱਪ ਵਿੱਚ 10-16 ਸਾਲ ਦੇ ਬੱਚੇ ਅਤੇ ਬੱਚੀਆਂ ਦੇ ਦੁਮਾਲੇ ਸਜਾਉਣ ਦੇ ਮੁਕਾਬਲੇ ਹੋਣਗੇ। ਇਹ ਮੁਕਾਬਲੇ 26 ਜੂਨ ਸਵੇਰੇ 10 ਵਜੇ ਸ਼ੁਰੂ ਹੋਣਗੇ। ਪਹਿਲੇ ਦੂਜੇ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲੇ ਬੱਚਿਆਂ ਤੋਂ ਇਲਾਵਾ ਇਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ ਤਾਂ ਜੋ ਵਿਦੇਸ਼ਾਂ ਦੀ ਧਰਤੀ ‘ਤੇ ਰਹਿ ਕੇ ਬੱਚੇ ਆਪਣੇ ਧਰਮ ਅਤੇ ਸੱਭਿਆਚਾਰ ਨੲਲ ਜੁੜੇ ਰਹਿਣ। ਇਨ੍ਹਾਂ ਮੁਕਾਬਲਿਆਂ ਦਾ ਫ਼ੈਸਲਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
ਪ੍ਰੰਬੰਧਕਾ ਵਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਗੁਰਮਤਿ ਸਮਾਗਮ’ਵਿੱਚ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਅਤੇ ਆਪਣੇ ਬੱਚਿਆਂ ਨੂੰ ਦਸਤਾਰ, ਦੁਮਾਲਾ, ਗੁਰਬਾਣੀ ਨਾਲ ਜੋੜਨ ਲਈ ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰੋ. ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।