ਇਟਲੀ ਵਿੱਚ ਵੱਧ ਰਹੀ ਮਹਿੰਗਾਈ ਨਹੀਂ ਲੈ ਰਹੀ ਰੁੱਕਣ ਦਾ ਨਾਮ
ਰੋਮ (ਇਟਲੀ) (ਕੈਂਥ) – ਕੋਵਿਡ-19 ਦਾ ਝੰਬਿਆਂ ਇਟਲੀ ਹਾਲੇ ਤੱਕ ਆਪਣੀ ਪੈਰਾਂ ਉਪੱਰ ਨਹੀਂ ਆ ਰਿਹਾ ਇਸ ਸਮੇਂ ਵੀ ਇਟਲੀ ਵਿੱਚ ਕੋਵਿਡ-19 ਦੇ ਨਵੇਂ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਤੇ ਇਹ ਨਾਮੁਰਾਦ ਬਿਮਾਰੀ ਇਟਲੀ ਦੀਆਂ 168484 ਜਿੰਦਗੀਆਂ ਦਾ ਦੀਵਾ ਸਦਾ ਵਾਸਤੇ ਗੁੱਲ ਕਰ ਚੁੱਕੀ ਹੈ। ਪ੍ਰਵਾਸੀਆਂ ਨੂੰ ਵੀ ਇਟਲੀ ਵਿੱਚ ਕੰਮਾਂਕਾਰਾਂ ਨੂੰ ਲੈਕੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਬੇਸ਼ਕ ਕਿ ਇਟਲੀ ਸਰਕਾਰ ਨੇ ਆਪਣੇ ਦੇਸ਼ ਦੇ ਬਾਸ਼ਿੰਦਿਆਂ ਨੂੰ ਕਈ ਤਰ੍ਹਾਂ ਦੇ ਬੋਨਸ ਵੀ ਦਿੱਤੇ, ਪਰ ਮਹਿੰਗਾਈ ਦੀ ਮਾਰ ਅੱਗੇ ਸਭ ਢਿੱਲਾ ਜਿਹਾ ਪੈ ਰਿਹਾ ਹੈ। ਖਾਣ-ਪੀਣ ਦੀਆਂ ਚੀਜਾਂ ਵਿੱਚ ਹੋਇਆ ਚੋਖਾ ਵਾਧਾ ਵੀ ਪ੍ਰਵਾਸੀਆਂ ਦੇ ਨਾਲ ਇਟਾਲੀਅਨ ਲੋਕਾਂ ਨੂੰ ਮੱਥੇ ਉਪੱਰ ਹੱਥ ਮਾਰਨ ਨੂੰ ਮਜ਼ਬੂਰ ਕਰਦਾ ਹੈ. ਹੋਰ ਤਾਂ ਹੋਰ ਅੱਜਕਲ੍ਹ ਇਟਲੀ ਤੋਂ ਭਾਰਤ ਜਾਣ-ਆਉਣ ਲਈ ਵੀ ਏਅਰ ਲਾਈਨਾਂ ਦੀਆਂ ਟਿਕਟਾਂ ਦੇ ਭਾਅ ਅਸਮਾਨ ਨੂੰ ਚੜ੍ਹੇ ਹੋਏ ਹਨ, ਜਿਸ ਕਾਰਨ ਭਾਰਤੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ। ਇਟਲੀ ਦੇ ਭਾਰਤੀ ਜੁਲਾਈ ਅਗਸਤ ਵਿੱਚ ਕੰਮਕਾਰ ਘਟਣ ਕਾਰਨ ਆਪਣੇ ਸਾਕ ਸਬੰਧੀਆਂ ਨੂੰ ਮਿਲਣ ਲਈ ਭਾਰਤ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ, ਪਰ ਏਅਰਲਾਈਨ ਦੀਆਂ ਟਿਕਟਾਂ ਦੇ ਭਾਅ ਕਾਰਨ ਉਹਨਾਂ ਨੂੰ ਆਪਣਾ ਭਾਰਤ ਜਾਣ ਦਾ ਪ੍ਰੋਗਰਾਮ ਬਦਲਣਾ ਪੈ ਰਿਹਾ ਹੈ।
ਇਸ ਸਮੇਂ ਏਅਰਲਾਈਨ ਦੀ ਇੱਕ ਪਾਸੇ ਦੀ ਟਿਕਟ ਰੋਮ -ਅੰਮ੍ਰਿਤਸਰ 500 ਯੂਰੋ ਤੋਂ ਉਪੱਰ ਹੈ ਤੇ ਜੇ ਕਿਸੇ ਪਰਿਵਾਰ ਨੇ ਆਉਣ ਜਾਣ ਦੀ ਟਿਕਟ ਕਰਵਾਉਣੀ ਹੈ ਤਾਂ ਕਰੀਬ 1000 ਯੂਰੋ ਪ੍ਰਤੀ ਟਿਕਟ ਮਿਲ ਰਹੀ ਹੈ। ਪਰਿਵਾਰ ਵਿੱਚ 4 ਜੀਆਂ ਦਾ ਹੋਣਾ ਆਮ ਜਿਹਾ ਹੈ ਤੇ ਇਸ ਹਿਸਾਬ ਨਾਲ 4000 ਯੂਰੋ ਸਿਰਫ਼ ਟਿਕਟਾਂ ਉਪੱਰ ਹੀ ਖਰਚ ਹੋ ਰਿਹਾ ਹੈ ਉਸ ਤੋਂ ਇਲਾਵਾ ਬਾਕੀ ਖਰਚੇ ਜਿਸ ਬਾਬਤ ਸੋਚ ਕੇ ਹੀ ਬਹੁਤੇ ਭਾਰਤੀ ਵਿਚਾਰੇ ਆਪਣਾ ਭਾਰਤ ਜਾਣ ਦਾ ਪ੍ਰੋਗਰਾਮ ਰੱਦ ਕਰਨ ਲਈ ਬੇਵੱਸ ਤੇ ਮਜ਼ਬੂਰ ਹਨ. ਦਿੱਲੀ ਦੀ ਟਿਕਟ ਬੇਸ਼ੱਕ ਥੋੜੀ ਸਸਤੀ ਮਿਲ ਜਾਵੇ ਪਰ ਦਿੱਲੀ ਤੋਂ ਪੰਜਾਬ ਜਾਣ ਦੀ ਖੱਜ਼ਲ ਖੁਆਰੀ ਤੋਂ ਬਹੁਤੇ ਪ੍ਰਵਾਸੀ ਭਾਰਤੀ ਕਤਰਾਉਂਦੇ ਹਨ। ਇੱਕ ਤਾਂ ਕੋਵਿਡ-19 ਕਾਰਨ ਪਹਿਲਾਂ ਹੀ ਮਹਿੰਗਾਈ ਨੇ ਲੋਕਾਂ ਦੀ ਜਿੰਦਗੀ ਦਾ ਸਕੂਨ ਲਾਪਤਾ ਕਰ ਦਿੱਤਾ ਹੈ ਦੂਜਾ ਹੁਣ ਏਅਰ ਲਾਈਨਾਂ ਦੀਆਂ ਟਿਕਟਾਂ ਲੋਕਾਂ ਨੂੰ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵੀ ਕਾਫੀ ਇਜਾਫ਼ਾ ਹੋਇਆ ਹੈ। ਡੀਜ਼ਲ 2 ਯੂਰੋ ਤੋਂ ਉਪੱਰ ਹੋਣ ਕਾਰਨ ਲੋਕ ਘੁੰਮਣ-ਘੁੰਮਾਉਣ ਤੋਂ ਵੀ ਗਰੇਜ ਕਰਦੀ ਨਜ਼ਰੀ ਆ ਰਹੇ ਹਨ।