6 ਲੋਕ ਹੋਏ ਜ਼ਖ਼ਮੀ, ਇੱਕ ਦੀ ਹਾਲਤ ਨਾਜ਼ੁਕ
ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਉੱਤਰੀ ਇਟਲੀ ਦੇ ਮਿਲਾਨ ਦੇ ਕਸਬਾ ਸਨ ਜੂਲੀਆਨੋ ਵਿਖੇ ਇੱਕ ਪੈਟਰੋ ਕੈਮੀਕਲ ਫੈਕਟਰੀ ਵਿੱਚ ਜਬਰਦਸਤ ਧਮਾਕਾ ਹੋ ਜਾਣ ਕਰਕੇ ਉੱਚੀਆਂ ਉੱਚੀਆਂ ਕਾਲੇ ਰੰਗ ਦੀਆਂ ਅੱਗ ਦੀ ਲਪਟਾਂ ਦੇਖਣ ਨੂੰ ਮਿਲੀਆਂ। ਇਟਲੀਅਨ ਮੀਡੀਏ ਅਨੁਸਾਰ ਇਹ ਧਮਾਕਾ ਲੋਕਲ ਸਮੇਂ ਅਨੁਸਾਰ ਸਵੇਰੇ 10:30 ਵਜੇ ਹੋਇਆ, ਇਸ ਮੌਕੇ ‘ਤੇ ਇਲਾਕੇ ਭਰ ਦੀਆਂ ਲਗਭਗ 14 ਅੱਗ ਬਝਾਉਣ ਵਾਲੀਆਂ ਗੱਡੀਆਂ ਅਤੇ ਕਰਮਚਾਰੀਆਂ ਵਲੋਂ ਅੱਗ ਬਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ.
ਦੱਸਿਆ ਜਾ ਰਿਹਾ ਹੈ ਕਿ ਅੱਗ ਦਾ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਨਗਰ ਪਾਲਿਕਾ ਦੇ ਅਧਿਕਾਰੀਆਂ ਵਲੋਂ ਇਲਾਕੇ ਦੇ ਰਿਹਾਇਸ਼ੀ ਘਰਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਬੰਦ ਰੱਖਣ ਲਈ ਕਿਹਾ ਗਿਆ ਹੈ, ਅਤੇ ਪ੍ਰਭਾਵਿਤ ਇਲਾਕੇ ਵਿੱਚ ਪ੍ਰਵੇਸ਼ ਨਾ ਕਰਨ ਦੀ ਅਪੀਲ ਕੀਤੀ ਗਈ ਹੈ. ਖ਼ਬਰ ਲਿਖੇ ਜਾਣ ਤੱਕ 6 ਲੋਕਾਂ ਦੇ ਅੱਗ ਨਾਲ ਝੁਲਸਣ ਕਾਰਨ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਅਤੇ ਜਿਸ ਵਿੱਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ. ਰਾਹਤ ਦੀ ਖ਼ਬਰ ਇਹ ਹੈ ਕਿ ਅਜੇ ਤੱਕ ਕੋਈ ਵੀ ਜਾਨੀ ਨੁਕਸਾਨ ਹੋਣ ਬਾਰੇ ਪ੍ਰਸ਼ਾਸਨ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ, ਦੂਜੇ ਪਾਸੇ ਪ੍ਰਸ਼ਾਸਨ ਵਲੋਂ ਇਸ ਅੱਗ ਦੇ ਲੱਗਣ ਦੇ ਕਾਰਨਾਂ ਵਾਰੇ ਬਰੀਕੀ ਨਾਲ ਛਾਣਬੀਨ ਕੀਤੀ ਜਾ ਰਹੀ ਹੈ।