ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਹ ਗੱਲ ਸੋਲਾਂ ਆਨੇ ਸੱਚੀ ਹੈ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਵਿੱਦਿਆ ਇੱਕ ਅਜਿਹਾ ਗਹਿਣਾ ਹੈ। ਜਿਸ ਨੂੰ ਜ਼ੋ ਇੱਕ ਵਾਰ ਪਹਿਨ ਲੈਂਦਾ ਹੈ ਉਸ ਗਹਿਣੇ ਨੂੰ ਕੋਈ ਖੋਹ ਨਹੀਂ ਸਕਦਾ। ਬੀਤੇ ਦਿਨੀਂ ਇਟਲੀ ਵਿੱਚ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨਾਲ ਸਬੰਧਿਤ ਪੰਜਾਬੀ ਨੌਜਵਾਨ ਸ਼ਾਹਰੂਖ ਚੁੰਬਰ ਨੇ ਇਲੈਕਟ੍ਰਾਨਿਕ ਇੰਜਨੀਅਰਿੰਗ ਦੇ ਖੇਤਰ ਵਿੱਚ ਡਿਗਰੀ ਹਾਸਿਲ ਕਰਨ ਉਪਰੰਤ ਇੰਜਨੀਅਰ ਬਣਨ ਦਾ ਮਾਣ ਹਾਸਲ ਕੀਤਾ ਹੈ। ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਬਾਹੜ ਮੁਜਾਰਾ ਨਾਲ਼ ਸਬੰਧਿਤ ਇਹ ਨੌਜਵਾਨ ਪਹਿਲਾਂ ਵੀ ਪੜ੍ਹਾਈ ਵਿੱਚ ਪਹਿਲੇ ਦਰਜੇ ਤੇ ਆਇਆ ਸੀ, ਅਤੇ ਇਹ ਨੌਜਵਾਨ ਉੱਤਰੀ ਇਟਲੀ ਦੇ ਵਿਚੈਂਸਾ ਜਿਲ੍ਹੇ ਦੇ ਸ਼ਹਿਰ ਮੌਂਤੇਕਿਉ ਮਾਜੀਉਰੇ ਵਿਖੇ ਆਪਣੇ ਪਿਤਾ ਸ਼੍ਰੀ ਬਲਵੀਰ ਰਾਮ ਅਤੇ ਮਾਤਾ ਰੂਮਾ ਰਾਣੀ ਦੇ ਇਸ ਹੋਣਹਾਰ ਸੁਪੱਤਰ ਹੈ।
ਸ਼ਾਹਰੂਖ ਚੁੰਬਰ ਨੇ ਇਟਲੀ ਦੀ ਪਾਦੋਵਾ ਯੂਨੀਵਰਸਿਟੀ ਤੋਂ ਇਲੈਕਟਰੀਕਲ ਇੰਜਨੀਅਰਿੰਗ ਦੀ ਪ੍ਰੀਖਿਆ ਵਿੱਚ 110 ‘ਚੋਂ 110 ਨੰਬਰ ਪ੍ਰਾਪਤ ਕਰਕੇ ਮਾਪਿਆਂ ਦੇ ਨਾਲ਼ ਨਾਲ਼ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਪੁੱਤਰ ਦੀ ਇਸ ਕਾਮਯਾਬੀ ਦੇ ਕਾਰਨ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਨੌਜਵਾਨ ਯੂਰਪ ਦੇ ਦੇਸ਼ ਅਸਟਰੀਆ ਦੀ ਇੱਕ ਕੰਪਨੀ ਵਿੱਚ ਬਤੌਰ ਇੰਜਨੀਅਰ ਨੌਕਰੀ ਹਾਸਲ ਕਰਕੇ ਆਪਣਾ ਕੈਰੀਅਰ ਸ਼ੁਰੂ ਕਰਨ ਜਾ ਰਿਹਾ ਹੈ। ਸ਼ਾਹਰੂਖ ਚੁੰਬਰ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਉਸ ਦੇ ਪਿਤਾ ਸ਼੍ਰੀ ਬਲਵੀਰ ਰਾਮ ਨੇ ਪ੍ਰੈੱਸ ਨਾਲ਼ ਗੱਲਬਾਤ ਦੌਰਾਨ ਦੱਸਿਆ ਕਿ, ਸ਼ਾਹਰੂਖ ਚੁੰਬਰ ਦੀ ਬਚਪਨ ਤੋਂ ਹੀ ਪੜਾਈ ਵਿੱਚ ਵਿਸ਼ੇਸ਼ ਲਗਨ ਸੀ ਜਿਸ ਤੇ ਚੱਲਦਿਆਂ ਲਗਾਤਾਰ ਮਿਹਨਤ ਕਰਦੇ ਹੋਇਆ ਅੱਜ ਉਸ ਦਾ ਇੰਜਨੀਅਰ ਬਣਨ ਦਾ ਸੁਪਨਾ ਸਾਕਾਰ ਹੋਇਆ ਹੈ ਅਤੇ ਉਨ੍ਹਾਂ ਕਿਹਾ, ਸਾਨੂੰ ਆਪਣੇ ਸਪੁੱਤਰ ਦੀ ਇਸ ਕਾਮਯਾਬੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।