in

ਇਟਾਲੀਅਨ ਮੁਟਿਆਰ, ਸਿੱਖ ਤੇ ਰਵਿਦਾਸੀਆ ਭਾਈਚਾਰੇ ‘ਤੇ ਕਰ ਰਹੀ ਹੈ ਪੀ.ਐੱਚ. ਡੀ.

ਰੋਮ (ਇਟਲੀ) (ਦਲਵੀਰ ਕੈਂਥ) – ਭਾਰਤ ਦੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਹੋਵੇ ਜਿੱਥੋਂ ਦੇ ਨੌਜਵਾਨ ਆਪਣੀ ਹਿੱਕ ਦੇ ਜ਼ੋਰ ਨਾਲ ਇਟਲੀ ਦੀ ਧਰਤੀ ਉੱਪਰ ਨਿਵੇਕਲੀਆਂ ਪੈੜਾਂ ਪਾਉਣ ਨਾ ਆਏ ਹੋਣ। ਇਟਲੀ ਵਿੱਚ ਭਾਰਤੀਆਂ ਦੀ ਖਾਸਕਰ ਪੰਜਾਬੀਆਂ ਦੀ ਹਰ ਖੇਤਰ ਵਿੱਚ ਹੋ ਰਹੀ ਸ਼ਮੂਲੀਅਤ ਧੂਮ ਮਚਾ ਰਹੀ ਹੈ, ਤੇ ਇਸ ਦੀ ਗੂੰਜ ਪੂਰੇ ਯੂਰਪ ਵਿੱਚ ਸੁਣੀ ਜਾ ਸਕਦੀ ਹੈ। ਇਟਲੀ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਕਾਰਨ ਭਾਰਤੀ ਲੋਕ ਇੱਥੋਂ ਦੀ ਸਿਆਸਤ ਦਾ ਵੀ ਹੁਲੀਆ ਬਦਲਣ ਲਈ ਪੱਬਾਂ ਭਾਰ ਨਜ਼ਰੀ ਆ ਰਹੇ ਹਨ. ਜਿਸ ਕਾਰਨ ਇਟਾਲੀਅਨ ਲੋਕ ਜਿੱਥੇ ਭਾਰਤੀ ਸੱਭਿਆਚਾਰ ਦੇ ਮੁਰੀਦ ਹੋ ਰਹੇ ਹਨ, ਉੱਥੇ ਭਾਰਤੀ ਖਾਸਕਰ ਸਿੱਖ ਪੰਜਾਬੀਆਂ ਨੂੰ ਸਮਝਣ ਲਈ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ. ਜਿਸ ਦੀ ਸ਼ੁਰੂਆਤ ਇਟਲੀ ਦੀ ਇਟਾਲੀਅਨ ਮੁਟਿਆਰ ਅੰਨਾ ਮਰੀਆ ਲਾਊਦੀਨੀ ਨੇ ਆਪਣੀ ਪੀ. ਐਚ. ਡੀ. ਦੀ ਪੜ੍ਹਾਈ ਨਾਲ ਕਰਕੇ ਨਵੇਂ ਸੋਚ ਦਾ ਆਗਾਜ਼ ਕੀਤਾ ਹੈ।
ਭੂਰੇ ਵਾਲਾ ਵਾਲੀ ਅੰਨਾ ਮਰੀਆ ਲਾਊਦੀਨੀ ਮਟਿਆਰ ਜਿਹੜੀ ਕਿ ਯੂਰਪੀਅਨ ਯੂਨੀਵਰਸਿਟੀ ਇੰਸਟੀਚਿਊਟ ਫਿਰੈਂਸੇ ਪੀ. ਐਚ. ਡੀ. ਦੀ ਪੜ੍ਹਾਈ ਭਾਰਤੀ ਸਿੱਖ ਅਤੇ ਰਵਿਦਾਸੀਆ ਕਮਿਊਨਿਟੀ ਉਪੱਰ ਕਰ ਰਹੀ ਹੈ, ਤੇ ਆਪਣੀ ਇਸ ਪੜ੍ਹਾਈ ਨੂੰ ਮੁਕੰਮਲ ਕਰਨ ਲਈ ਅੰਨਾ ਮਰੀਆ ਲਾਊਦੀਨੀ ਲਾਸੀਓ ਸੂਬੇ ਦੇ ਸਿੱਖ ਤੇ ਰਵਿਦਾਸੀਆ ਸਮਾਜ ਸਬੰਧੀ ਡੂੰਘਾਈ ਨਾਲ ਜਾਣਨ ਲਈ ਪਿਛਲੇ 6 ਮਹੀਨਿਆਂ ਤੋਂ ਪੰਜਾਬੀ ਵੀ ਸਿੱਖ ਰਹੀ ਹੈ, ਜਿਸ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ। ਪੰਜਾਬੀ ਲਿਖ ਤੇ ਪੜ੍ਹ ਲੈਂਦੀ ਅੰਨਾ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿੱਚ ਜਾ ਕੇ ਸੰਗਤਾਂ ਨਾਲ ਪੰਜਾਬੀ ਵਿੱਚ ਸਰਲਤਾ ਨਾਲ ਗੱਲ ਕਰਦੀ ਹੋਈ ਸਭ ਨੂੰ ਹੈਰਾਨ ਕਰ ਰਹੀ ਹੈ। ਜਦੋਂ ਕੋਈ ਵੀ ਅੰਨਾ ਨੂੰ ਮਿਲਦਾ ਹੈ ਤਾਂ ਉਹ ਉਹਨਾਂ ਨੂੰ ਫਤਿਹ ਵੀ ਸਤਿ ਸ਼੍ਰੀ ਅਕਾਲ ਜਾਂ ਜੈ ਗੁਰੂਦੇਵ ਨਾਲ ਹੀ ਬੁਲਾਉਂਦੀ ਹੈ।
ਹੋਣਹਾਰ ਅੰਨਾ ਮਰੀਆ ਲਾਊਦੀਨੀ ਨੇ ਪ੍ਰੈੱਸ ਨੂੰ ਆਪਣੀ ਪੀ. ਐਚ. ਡੀ. ਦੀ ਪੜ੍ਹਾਈ ਦੇ ਵਿਸ਼ੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ, ਪੂਰੇ ਯੂਰਪ ਵਿੱਚ ਭਾਰਤੀਆਂ ਦੀ ਵੱਡੀ ਤਦਾਦ ਹੈ ਜਿਸ ਲਈ ਉਸ ਨੇ ਉਚੇਚੇ ਤੌਰ ‘ਤੇ ਆਪਣੀ ਪੀ. ਐਚ. ਡੀ. ਲਈ ਸਿੱਖ ਤੇ ਰਵਿਦਾਸੀਆ ਭਾਈਚਾਰੇ ਨੂੰ ਚੁਣਿਆ ਹੈ । ਉਹ ਬਹੁਤ ਹੀ ਖੁਸ਼ ਹੈ ਕਿ ਆਪਣੀ ਇਸ ਪੜ੍ਹਾਈ ਨੂੰ ਪੂਰਾ ਕਰਨ ਲਈ ਉਸ ਨੂੰ ਸਿੱਖ ਤੇ ਰਵਿਦਾਸੀਆ ਭਾਈਚਾਰੇ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਅੰਨਾ ਮਰੀਆ ਲਾਊਦੀਨੀ ਜਲਦ ਸਿੱਖ ਤੇ ਰਵਿਦਾਸੀਆ ਭਾਈਚਾਰੇ ਦੀਆਂ ਬਰੀਕੀਆਂ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਨੂੰ ਜਲਦ ਸਿੱਖ ਲਵੇਗੀ ਇਹ ਉਸ ਨੂੰ ਪੂਰਨ ਵਿਸ਼ਵਾਸ ਹੈ. ਇਸ ਵਿਸ਼ਵਾਸ ਨੂੰ ਚਾਰ ਚੰਦ ਲਗਾਉਣ ਲਈ ਉਹ ਇਟਲੀ ਦੇ ਪੰਜਾਬੀਆਂ ਉੱਪਰ ਕਿਤਾਬ ਵੀ ਲਿਖ ਰਹੀ ਹੈ।
ਜਿਕਰਯੋਗ ਹੈ ਕਿ ਅੰਨਾ ਮਰੀਆ ਲਾਊਦੀਨੀ ਪਹਿਲੀ ਇਟਾਲੀਅਨ ਮੁਟਿਆਰ ਹੈ ਜਿਹੜੀ ਕਿ ਸਿੱਖ ਅਤੇ ਰਵਿਦਾਸੀਆ ਭਾਈਚਾਰੇ ਉੱਪਰ ਪੀ. ਐਚ. ਡੀ. ਕਰ ਰਹੀ ਹੈ। ਇਸ ਕਾਰਜ ਲਈ ਉਸ ਨੂੰ ਬੀਤੇ ਦਿਨੀਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਗੁਰਪੁਰਬ ਮੌਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਜਿਸ ਲਈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧੰਨਵਾਦੀ ਹੈ.

ਲਾਸੀਓ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸ਼ਰਧਾ ਅਤੇ ਨਾਲ ਮਨਾਇਆ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ

ਨੂਲਾ ਓਸਤਾ 30 ਦਿਨਾਂ ਦੀ ਮਿਆਦ ਦੇ ਅੰਦਰ ਜਾਰੀ?