ਰੋਮ (ਇਟਲੀ) (ਕੈਂਥ) – 14ਵੀਂ ਸਦੀ ਵਿੱਚ ਹੱਕ ਤੇ ਸੱਚ ਦਾ ਹੋਕਾ ਨਿੱਡਰਤਾ ਨਾਲ ਦੇਕੇ ਸੁੱਤੀ ਮਾਨਵਤਾ ਨੂੰ ਜਗਾਉਣ ਵਾਲੇ ਮਹਾਨ ਇਨਕਲਾਬੀ ਯੋਧੇ, ਸ਼੍ਰੋਮਣੀ ਸੰਤ ਤੇ ਰਹਿਬਰਾਂ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹੇਰਮਾਦਾ, ਤੇਰਾਚੀਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਪਿੰਡ ਬੋਰਗੋ ਹੇਰਮਾਦਾ ਵਿਖੇ ਸਜਾਇਆ ਗਿਆ। ਇਸ ਮਹਾਨ ਤੇ ਪਵਿੱਤਰ ਦਿਵਸ ਮੌਕੇ ਆਰੰਭੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪੰਰਤ ਰਾਤ ਦੇ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ. ਜਿਸ ਵੱਖ-ਵੱਖ ਪ੍ਰਚਾਰਕਾਂ ਤੇ ਕੀਰਤਨੀਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਸੰਗਤਾਂ ਨੂੰ ਸਰਵਣ ਕਰਵਾਈ।
ਐਤਵਾਰ ਨੂੰ ਨਗਰ ਕੀਰਤਨ ਦੀ ਆਰੰਭਤਾ ਦੁਪਿਹਰ ਸਮੇਂ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਤੀ ਗਈ, ਜਿਸ ਦੀ ਅਗਵਾਈ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ। ਨਗਰ ਕੀਤਰਨ ਗੁਰਦੁਆਰਾ ਸਾਹਿਬ ਤੋਂ ਸਰਬੱਤ ਦੇ ਭਲੇ ਦੇ ਜੈਕਾਰੇ ਛੱਡਦਾ ਆਰੰਭ ਹੋਇਆ ਤੇ ਨਗਰ ਦੀ ਪਰਿਕਰਮਾ ਕਰਦਾ ਵਾਪਸ ਗੁਰਦੁਆਰਾ ਸਾਹਿਬ ਆਕੇ ਸਮਾਪਤ ਹੋਇਆ। ਨਗਰ ਕੀਰਤਨ ਦੀਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਜੂਸ, ਚਾਹ ਤੇ ਛੋਲਿਆਂ ਦੇ ਪ੍ਰਸ਼ਾਦ ਵਰਤਾਏ ਗਏ। ਧਾਰਮਿਕ ਦੀਵਾਨਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂਅ ਦੇ ਜੈਕਾਰੇ ਬੁਲਾਉਂਦਿਆਂ ਸੰਗਤਾਂ ਨੇ ਗੁਰੂ ਮਹਿਮਾਨ ਦਾ ਗੁਣਗਾਨ ਵੀ ਕੀਤਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਵਿੱਚ ਪਹੁੰਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ, ਆਓ ਸਾਰੇ ਅਸੀਂ ਰਲ ਮਿਲ ਸਭ ਗੁਰੂ ਸਹਿਬਾਨਾਂ ਦੇ ਪੁਰਬ ਇਕੱਠੇ ਹੋ ਮਨਾਈਏ ਤੇ ਬਾਣੀ ਪੜ੍ਹ ਕੇ ਉਸ ਨੂੰ ਅਮਲੀ ਜਾਮਾ ਪਹਿਨਾਈਏ, ਕਿਉਂਕਿ ਅਸੀਂ ਇੱਕ ਹੀ ਪਿਤਾ ਅਕਾਲ ਪੁਰਖ ਦੇ ਬੱਚੇ ਹਾਂ। ਇਸ ਨਗਰ ਕੀਰਤਨ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਭ ਸੰਗਤਾਂ ਲਈ ਗੁਰੂ ਦੇ ਅਨੇਕਾਂ ਪ੍ਰਕਾਰ ਦੇ ਲੰਗਰ ਅਤੁੱਟ ਵਰਤੇ।