ਰੋਮ (ਇਟਲੀ) (ਦਲਵੀਰ ਕੈਂਥ) – ਦੂਜੀ ਵਿਸ਼ਵ ਜੰਗ ਤੋਂ ਬਾਅਦ ਇਟਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਪ੍ਰਧਾਨ ਮੰਤਰੀ ਬਣੀ ਜੌਰਜ਼ਾ ਮੇਲੋਨੀ ਦੀ ਸਰਕਾਰ ਨੇ ਆਪਣੇ ਰਾਜ ਦੇ 100 ਦਿਨ ਪੂਰੇ ਕਰ ਲਏ ਹਨ। 22 ਅਕਤੂਬਰ 2022 ਨੂੰ ਮੈਡਮ ਮੇਲੋਨੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਦਾ ਸਿੰਘਾਸਨ ਸੰਭਾਲਦਿਆਂ ਹੀ ਇਟਲੀ ਦੇ ਲੋਕਾਂ ਵਿੱਚ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਆਸਵੰਦੀ ਦੀ ਨਵੀਂ ਰੂਹ ਫੂਕ ਦਿੱਤੀ। ਜਿਸ ਨੂੰ ਪੂਰਾ ਕਰਦਿਆਂ ਮੇਲੋਨੀ ਸਰਕਾਰ ਨੇ 100 ਦਿਨ ਵਿੱਚ ਸਿਰਫ਼ ਇਟਲੀ ਦੇ ਲੋਕਾਂ ਦਾ ਹੀ ਨਹੀਂ ਸਗੋਂ ਪੂਰੇ ਯੂਰਪ ਦਾ ਦਿਲ ਜਿੱਤ ਕੇ ਆਪਣੀ ਕਾਬਲੀਅਤ ਦੇ ਝੰਡਾ ਬੁਲੰਦ ਕੀਤਾ ਹੈ। ਜਿਸ ਲਈ ਮੇਲੋਨੀ ਨੂੰ ਪੂਰੇ ਯੂਰਪ ਵਿਚੋਂ ਸਭ ਤੋਂ ਵੱਧ ਹਰਮਨ ਪਿਆਰਾ ਰਾਜਨੀਨਿਕ ਨੇਤਾ ਹੋਣ ਦਾ ਖਿਤਾਬ ਮਿਲਿਆ ਹੈ, ਤੇ ਇਹ ਖਿਤਾਬ ਦਿੱਤਾ ਹੈ ਅਮਰੀਕਾ ਦੀ ਮਸ਼ਹੂਰ ਕੰਪਨੀ ਮੌਰਨਿੰਗ ਕੰਸਲਟ ਨੇ ਜਿਹੜੀ ਕਿ ਇੱਕ ਆਨਲਾਈਨ ਸਰਵੇਖਣ ਖੋਜ ਤਕਨਾਲੋਜੀ ਵਿੱਚ ਵਿਸ਼ੇਸ਼ ਮੁਹਾਰਤ ਰੱਖਦੀ ਹੈ।
ਇਹ ਕੰਪਨੀ ਵਪਾਰ, ਮਾਰਕੀਟਿੰਗ, ਅਰਥ ਸ਼ਾਸ਼ਤਰ ਅਤੇ ਰਾਜਨੀਤੀ ਵਿੱਚ ਸੰਗਠਨਾਂ ਨੂੰ ਗਲੋਬਲ ਸਰਵੇਖਣ ਦੁਆਰਾ ਭਾਂਪਦੀ ਹੈ। ਇਸ ਅਮਰੀਕੀ ਕੰਪਨੀ ਨੇ ਯੂਰਪ ਦੇ 22 ਦੇਸ਼ਾਂ ਦੀ ਇੱਕ ਵਿਸ਼ੇਸ਼ ਰੈਂਕਿੰਗ ਕੀਤੀ, ਜਿਸ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਜੌਰਜ਼ਾ ਮੇਲੋਨੀ ਨੂੰ 52 ਪ੍ਰਤੀਸ਼ਤ ਨਾਲ ਯੂਰਪ ਦੀ ਸਭ ਤੋਂ ਹਰਮਨ ਪਿਆਰੇ ਨੇਤਾ ਵਜੋਂ ਚੁਣਿਆ ਗਿਆ ਹੈ।ਇਸ ਗੱਲ ਦਾ ਖੁਲਾਸਾ ਇੰਗਲੈਂਡ ਦੀ ਪ੍ਰਸਿੱਧ ਅਖਬਾਰ “ਦ ਟਾਇਮਜ਼” ਨੇ ਮੇਲੋਨੀ ਸਰਕਾਰ ਦੇ ਰਾਜ ਦੇ 100 ਦਿਨ ਪੂਰੇ ਉਪੰਰਤ ਕੀਤਾ। ਅਖਬਾਰ ਨੇ ਕਿਹਾ ਕਿ, ਜਦੋਂ ਜੌਰਜ਼ਾ ਮੇਲੋਨੀ ਇਟਲੀ ਦੀ ਪ੍ਰਧਾਨ ਮੰਤਰੀ ਬਣੀ ਸੀ ਤਾਂ ਉਸ ਦੇ ਵਿਰੋਧੀ ਨੇਤਾਵਾਂ ਨੇ ਮੇਲੋਨੀ ਨੂੰ ਇਟਲੀ ਅਤੇ ਯੂਰਪ ਲਈ ਖਤਰਾ ਦੱਸਿਆ ਸੀ. ਇਸ ਦੇ ਬਾਵਜੂਦ 22 ਦੇਸ਼ਾਂ ਦੀਆਂ ਸਰਕਾਰਾਂ ਦੇ ਮੁੱਖੀਆਂ ਨੇ ਮੇਲੋਨੀ ਨੂੰ ਸਭ ਦਾ ਮਹਿਬੂਬ ਨੇਤਾ ਐਲਾਨਿਆ ਹੈ।
ਯੂਰਪੀਅਨ ਕੌਂਸਲ ਆਨ ਇੰਟਰਨੈਸ਼ਨਲ ਰਿਲੇਸ਼ਨਜ਼ ਦੀ ਪ੍ਰੋਗਰਾਮ ਮੈਨੇਜਰ ਤੇਰੇਸਾ ਕੋਰਾਤੇਲਾ ਅਨੁਸਾਰ ਮੇਲੋਨੀ ਵਿਰੋਧੀ ਨੇਤਾ ਦੇ ਤੌਰ ਤੇ ਇੱਕ ਹਾਜ਼ਰ ਜਵਾਬ ਤੇ ਲੋਕਪ੍ਰਿਯ ਨੇਤਾ ਹੈ ਉਸ ਦੇ ਸਾਊ ਵਿਹਾਰ ਦੀ ਚੁਫੇਰੇ ਚਰਚਾ ਹੈ। ਨਿਜੀ ਤੌਰ ‘ਤੇ ਉਹ ਪੂਰੀ ਤਰ੍ਹਾਂ ਪਰਿਵਾਰਕ ਹੈ. ਪਰਿਵਾਰ ਨਾਲ ਆਪਣੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਏ ਰਾਹੀਂ ਜਨਤਾ ਨਾਲ ਅਕਸਰ ਸਾਂਝੀਆਂ ਕਰਦੀ ਹੈ। ਮੇਲੋਨੀ ਆਪਣੇ ਪ੍ਰਭਾਵਸ਼ਾਲੀ ਵਿਹਾਰ ਨਾਲ ਹੀ ਵਿਰੋਧੀਆਂ ਨੂੰ ਚਿਤ ਕਰਦੀ ਹੈ, ਜਿਸ ਦੀ ਪ੍ਰਤਿਭਾ ਪਿਛਲੇ 100 ਦਿਨ ਵਿੱਚ ਪਹਿਲਾਂ ਤੋਂ ਵੀ ਵੱਧ ਨਿਖਰੀ ਹੈ।