ਅੰਮ੍ਰਿਤਸਰ (ਗੁਮਟਾਲਾ) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ-ਅੰਮ੍ਰਿਤਸਰ (ਪਰਕਸ) ਵੱਲੋਂ ਪੰਜਾਬੀ ਭਵਨ ਲੁਧਿਆਣਾ ਦੇ ਪੰਜਾਬੀ ਸਾਹਿਤ ਅਕੈਡਮੀ ਦੇ ਹਾਲ ਵਿਖੇ ਜਨਰਲ ਅਜਲਾਸ ਵਿੱਚ ਦੋ ਪੁਸਤਕਾਂ ਗੁਰੂ ਤੇਗ ਬਹਾਦਰ : ਜੀਵਨ, ਚਿੰਤਨ ਅਤੇ ਬਾਣੀ, ਗੁਰੂ ਨਾਨਕ ਬਾਣੀ : ਸਰੋਕਾਰ ਅਤੇ ਪੈਗਾਮ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਦੋਵਾਂ ਪੁਸਤਕਾਂ ਦੀ ਸੰਪਾਦਨਾਂ ਡਾ. ਬਿਕਰਮ ਸਿੰਘ ਘੁੰਮਣ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕੀਤੀ ਹੈ ਤੇ ਛਪਾਈ ਦੀ ਸੇਵਾ ਸ. ਅਵਤਾਰ ਸਿੰਘ ਸਪਰਿੰਗਫ਼ੀਲਡ ਵੱਲੋਂ ਕੀਤੀ ਗਈ ਹੈ।
ਪ੍ਰੈਸ ਨੂੰ ਜਾਰੀ ਬਿਆਨ ਵਿਚ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ, ਅਮਰੀਕਾ ਦੇ ਓਹਾਇਹੋ ਸੂਬੇ ਦੇ ਸਪਰਿੰਗਫ਼ੀਲਡ ਸ਼ਹਿਰ ਵਿੱਚ ਰਹਿੰਦੇ ਕਾਰੋਬਾਰੀ ਸ. ਅਵਤਾਰ ਸਿੰਘ ਜੋ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਲੁਹਾਰਾਂ ਦੇ ਜੰਮਪਲ ਹਨ ਨੂੰ ਸੁਸਾਇਟੀ ਦੀਆਂ ਪੁਸਤਕਾਂ ਛਪਵਾਉਣ ਲਈ ਕੀਤੀ ਗਈ ਆਰਥਿਕ ਸਹਾਇਤਾ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਮਰੀਕਾ ਅਤੇ ਪੰਜਾਬ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਿੱਖ ਪਛਾਣ ਲਈ ਕੀਤੇ ਗਏ ਵਿਸ਼ੇਸ਼ ਯਤਨਾਂ ਲਈ ਸ. ਅਵਤਾਰ ਸਿੰਘ ਨੂੰ ਦੁਸ਼ਾਲਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਸੁਪਤਨੀ ਬੀਬੀ ਸਰਬਜੀਤ ਕੌਰ ਦਾ ਜਨਮ ਦਿਨ ਵੀ ਇਸੇ ਦਿਨ ਸੀ ਜੋ ਕਿ ਸਮਾਗਮ ਵਿੱਚ ਕੇਕ ਕੱਟ ਕੇ ਮਨਾਇਆ ਗਿਆ।ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ ਨੇ ਭਾਗ ਲਿਆ।