ਰੋਮ (ਇਟਲੀ) (ਦਲਵੀਰ ਕੈਂਥ) – ਭਾਰਤ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਤੇ ਡਾ: ਨੀਨਾ ਮਲਹੋਤਰਾ ਰਾਜਦੂਤ ਭਾਰਤੀ ਅੰਬੈਸੀ ਰੋਮ ਅਤੇ ਟੀ ਅਜੁੰਗਲਾ ਜਾਮਿਰ ਭਾਰਤੀ ਕੌਂਸਲੇਟ ਮਿਲਾਨ ਦੀ ਅਗਵਾਈ ਹੇਠ ਭਾਰਤੀ ਕੌਂਸਲੇਟ ਮਿਲਾਨ ਵੱਲੋਂ ਇਟਲੀ ਵਿਚ ਵੱਸਦੇ ਭਾਈਚਾਰੇ ਲਈ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ. ਇਹ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਮਲ ਵਿਚ ਲਿਆਂਦਾ ਜਾ ਰਿਹਾ ਹੈ।
ਇਸੇ ਸਬੰਧ ਵਿਚ ਬੀਤੇ ਦਿਨੀਂ ਕਰੇਮੋਨਾ ਜਿਲੇ ਦੇ ਭਾਰਤੀਆਂ ਲਈ ਕੈਂਪ ਆਯੋਜਨ ਕੀਤਾ ਗਿਆ. ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਅਪਣੇ ਪਾਸਪੋਰਟ, ਓ ਸੀ ਆਈ ਕਾਰਡ ਆਦਿ ਸਬੰਧੀ ਕਾਰਜ ਕਰਵਾਏ। ਵੱਖ ਵੱਖ ਖੇਤਰਾਂ ਦੇ ਲੋਕਾਂ ਲਈ ਛੁੱਟੀ ਵਾਲੇ ਦਿਨ ਸਵੇਰੇ ਬਿਨਾਂ ਅਪਾਇਟਮੈਂਟ ਤੋਂ ਕੰਮ ਕੀਤੇ ਜਾ ਰਹੇ ਹਨ, ਜਿਸ ਨਾਲ ਕਿ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਲੋਕਾਂ ਵੱਲੋਂ ਇਸ ਕਾਰਜ ਦੀ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ, ਕਿਉਂਕਿ ਭਾਰਤੀ ਅੰਬੈਸੀ ਅਧਿਕਾਰੀ ਛੁੱਟੀ ਵਾਲੇ ਦਿਨ ਲੋਕਾਂ ਨੂੰ ਸੇਵਾਵਾ ਦੇ ਰਹੇ ਹਨ. ਇਟਲੀ ਵਿਚ ਬਹੁਤ ਸਾਰੇ ਲੋਕ ਜੋ ਕਿ ਅਪਣੇ ਕੰਮਾਂ ਦੇ ਸਿਲਸਿਲੇ ਕਾਰਣ ਹਫਤੇ ਦੌਰਾਨ ਅਪਣੇ ਪਾਸਪੋਰਟ, ਓ ਸੀ ਆਈ ਜਾਂ ਫਿਰ ਹੋਰ ਕਾਰਜ ਕਰਵਾਉਣ ਲਈ ਮੁਸ਼ਕਿਲ ਦਾ ਸਾਹਮਣਾ ਕਰਦੇ ਸਨ, ਹੁਣ ਉਹਨਾਂ ਲਈ ਛੁੱਟੀ ਵਾਲੇ ਦਿਨ ਇਹ ਸਾਰੇ ਕਾਰਜ ਕਰਵਾਉਣ ਨਾਲ ਸਮਾਂ ਅਤੇ ਪੈਸਾ ਦੋਨਾਂ ਦੀ ਬਚਤ ਹੋ ਰਹੀ ਹੈ।
ਅਧਿਕਾਰੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਵਿੱਖ ਵਿਚ ਵੀ ਅਜਿਹੇ ਕੈਂਪ ਜਾਰੀ ਰੱਖੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਐਮਰਜੈਂਸੀ ਸੇਵਾਵਾਂ ਵੀ ਪਹਿਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਰਹਿਣਗੀਆਂ।