ਰੋਮ (ਇਟਲੀ) (ਕੈਂਥ, ਗੁਰਸ਼ਰਨ ਸਿੰਘ ਸੋਨੀ) – ਦੁਨੀਆਂ ਭਰ ਵਿੱਚ ਰੈਣ ਬਸੇਰਾ ਕਰਦੇ ਸਨਾਤਨ ਧਰਮ ਦੇ ਪੈਰੋਕਾਰਾਂ ਤੇ ਸਿੱਖ ਸੰਗਤਾਂ ਵੱਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਬਹੁਤ ਹੀ ਸ਼ਾਨੌ ਸ਼ੌਕਤ ਨਾਲ ਮਨਾਏ ਗਏ।
ਇਸ ਮੌਕੇ ਇਟਲੀ ਵਿਖੇ ਵੀ ਸੰਗਤ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਤੇ ਮੰਦਰਾਂ ਵਿੱਚ ਜਾ ਕੇ ਜਿੱਥੇ ਨਤਮਸਤਕ ਹੋ ਰਹੀ ਸੀ, ਉੱਥੇ ਧਾਰਮਿਕ ਅਸਥਾਨਾਂ ਵਿਖੇ ਕੀਰਤਨੀ ਜਥਿਆਂ ਤੇ ਭਜਨ ਮੰਡਲੀਆਂ ਵੱਲੋਂ ਸ਼ਬਦ ਗਾਇਨ ਵੀ ਕੀਤੇ ਗਏ। ਸੰਗਤਾਂ ਦਾ ਲੱਗਾ ਹਜੂਮ ਦੇਖਣ ਯੋਗ ਸੀ।
ਸ਼ਾਮ ਵੇਲੇ ਗੁਰਦੁਆਰਾ ਸਾਹਿਬ ਤੇ ਮੰਦਰਾਂ ਦੀ ਕੀਤੀ ਦੀਪਮਾਲਾ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ। ਸੰਗਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਤਿਸ਼ਬਾਜੀ ਵੀ ਕੀਤੀ।
ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ), ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ(ਲਾਤੀਨਾ), ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ ਨਵੀਂ ਇਮਾਰਤ (ਲਾਤੀਨਾ), ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਲਵੀਨਿਓ (ਰੋਮ) ਤੇ ਸ਼੍ਰੀ ਹਰੀ ਓਮ ਮੰਦਰ (ਮਾਨਤੋਵਾ) ਆਦਿ ਵਿਖੇ ਸੰਗਤਾਂ ਵੱਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਭਾਰੀ ਰੌਣਕਾਂ ਲਗਾ ਪ੍ਰਭੂ ਚਰਨਾਂ ਵਿੱਚ ਭਰਵੀਂ ਹਾਜ਼ਰੀ ਲੁਆਈ ਗਈ।