ਨੇਪਾਲ ਵਿੱਚ ਭੋਟੇਕੋਸ਼ੀ ਨਦੀ ਵਿੱਚ ਬੁੱਧਵਾਰ ਨੂੰ ਅਚਾਨਕ ਆਏ ਹੜ੍ਹ ਕਾਰਨ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ। ਇਸ ਵਿੱਚ ਘੱਟੋ-ਘੱਟ 162 ਲੋਕਾਂ ਦੀ ਮੌਤ ਹੋ ਗਈ, ਜਦਕਿ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਵਿਦੇਸ਼ੀ ਸੈਲਾਨੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਲਾਪਤਾ ਹਨ। ਇਸ ਆਫ਼ਤ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਹਾਲ ਦੇ ਸਾਲਾਂ ਵਿੱਚ ਨੇਪਾਲ ਵਿੱਚ ਆਈਆਂ ਸਭ ਤੋਂ ਭਿਆਨਕ ਆਫ਼ਤਾਂ ਵਿੱਚੋਂ ਇੱਕ ਹੈ।
ਸਥਾਨਕ ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 162 ਹੋ ਗਈ ਹੈ। ਪੁਲਿਸ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਵਿੱਚੋਂ 64 ਲਾਸ਼ਾਂ ਚਿਤਵਨ ਜ਼ਿਲ੍ਹੇ ਦੇ ਹੇਠਲੇ ਇਲਾਕਿਆਂ ਤੋਂ ਮਿਲੀਆਂ ਹਨ, ਜਦਕਿ ਹੋਰ 26 ਲਾਸ਼ਾਂ ਨਵਲਪਰਾਸੀ ਈਸਟ ਵਿੱਚੋਂ ਮਿਲੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜੇ ਵੀ ਲਾਪਤਾ ਸੈਂਕੜੇ ਲੋਕਾਂ ਵਿੱਚ 28 ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।
ਜੰਗਲੀ ਸਫਾਰੀ ਲਈ ਮਸ਼ਹੂਰ ਸੈਰ-ਸਪਾਟਾ ਕੇਂਦਰ ਚਿਤਵਨ ਉਨ੍ਹਾਂ ਕਈ ਨਗਰਪਾਲਿਕਾਵਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਹੜ੍ਹ ਦਾ ਪਾਣੀ ਵਧਣ ਦੇ ਮੱਦੇਨਜ਼ਰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਹੜ੍ਹ ਉਸ ਵੇਲੇ ਆਏ ਜਦੋਂ ਬਰਫ਼ ਖਿਸਕਣ ਨੇ ਭੋਟੇਕੋਸ਼ੀ ਨਦੀ ਦੀ ਸਹਾਇਕ ਨਦੀ ਲਹੇਂਦੇ ਦਾ ਵਹਾਅ ਰੋਕ ਦਿੱਤਾ। ਇਸ ਤੋਂ ਬਾਅਦ ਹੜ੍ਹ ਸਭ ਤੋਂ ਪਹਿਲਾਂ ਚੀਨ ਦੀ ਸਰਹੱਦ ਕੋਲ ਰਸੂਵਾਗੜੀ ਦੇ ਨੇੜੇ ਤਿਮੁਰੇ ਪਹੁੰਚਿਆ। ਸੈਂਕੜੇ ਲੋਕਾਂ ਦੀ ਅਬਾਦੀ ਵਾਲੇ ਇਸ ਇਲਾਕੇ ਦਾ ਵੱਡਾ ਹਿੱਸਾ ਵਹਿ ਗਿਆ ਅਤੇ ਇਸ ਤੋਂ ਬਾਅਦ ਹੜ੍ਹ ਦਾ ਪਾਣੀ ਤੇਜ਼ੀ ਨਾਲ ਥੱਲੇ ਵੱਲ ਵਧਿਆ। ਇਲਾਕੇ ਵਿੱਚ ਬਾਰਿਸ਼ ਦੀ ਕੋਈ ਜਾਣਕਾਰੀ ਨਹੀਂ ਸੀ, ਇਸ ਲਈ ਲੋਕਾਂ ਨੂੰ ਇਸ ਆਫ਼ਤ ਦੀ ਕੋਈ ਚੇਤਾਵਨੀ ਨਹੀਂ ਮਿਲੀ। ਹੜ੍ਹ ਆਉਣ ਵੇਲੇ ਲੋਕ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਸੀ।
ਨੈਸ਼ਨਲ ਡਿਜਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਨੇ ਦੱਸਿਆ ਹੈ ਕਿ ਰਸੂਵਾ ਵਿੱਚ ਭੋਟੇਕੋਸ਼ੀ-ਤ੍ਰਿਸ਼ੂਲੀ ਹੜ੍ਹਾਂ ਕਾਰਨ 800 ਤੋਂ ਵੱਧ ਲੋਕ ਲਾਪਤਾ ਹਨ।
ਅਥਾਰਟੀ ਮੁਤਾਬਕ ਸੁਰੱਖਿਆ ਬਲਾਂ, ਸੈਲਾਨੀਆਂ ਅਤੇ ਆਮ ਲੋਕਾਂ ਸਮੇਤ 826 ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਸੈਲਾਨੀਆਂ ਦੀ ਗਿਣਤੀ 529 ਤੋਂ ਵੱਧ ਹੈ। ਨੇਪਾਲੀ ਫੌਜ ਨੇ ਦੱਸਿਆ ਹੈ ਕਿ ਰਸੂਵਾ ਦੇ ਹਾਕੂ ਵਿੱਚ ਇੱਕ ਪਣਬਿਜਲੀ ਪ੍ਰਾਜੈਕਟ ਦੀ ਸੁਰੰਗ ਵਿੱਚ ਫਸੇ ਸੱਤ ਲੋਕਾਂ ਨੂੰ ਜਿਉਂਦਾ ਬਚਾ ਲਿਆ ਗਿਆ ਹੈ। ਇਸ ਦੇ ਇਲਾਵਾ ਨੇਪਾਲੀ ਫੌਜ ਨੇ ਦੱਸਿਆ ਹੈ ਕਿ ਤਿੰਨ ਹੋਰ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ।ਫੌਜ ਮੁਤਾਬਕ ਰਸੂਵਾ ਦੇ ਤਿਮੁਰੇ ਇਲਾਕੇ ਵਿੱਚੋਂ 95 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬਚਾਏ ਗਏ ਲੋਕਾਂ ਵਿੱਚ 21 ਭਾਰਤੀ ਸੈਲਾਨੀ ਵੀ ਸ਼ਾਮਲ ਹਨ, ਜਿਨ੍ਹਾਂ ਨਾਲ ਕੱਲ੍ਹ ਤਿਮੁਰੇ ਇਲਾਕੇ ਤੋਂ ਸੰਪਰਕ ਟੁੱਟ ਗਿਆ ਸੀ।
ਇਸ ਤੋਂ ਪਹਿਲਾਂ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਬੁੱਧਵਾਰ ਨੂੰ ਪ੍ਰਤਿਨਿਧੀ ਸਭਾ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਰਸੂਵਾ ਵਿੱਚ ਆਫ਼ਤ ਦੀ ਸਥਿਤੀ ਭੂਚਾਲ ਦੇ ਨਾਲ ਬਰਫ਼ ਦੀਆਂ ਢਿੱਗਾਂ ਡਿੱਗਣ ਕਾਰਨ ਪੈਦਾ ਹੋਈ ਸੀ ਅਤੇ ਇਸ ਦੀ ਅੱਗੇ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਨੇਪਾਲ ਟੂਰਿਜ਼ਮ ਬੋਰਡ ਦੇ ਮੁਤਾਬਕ, ਜਿਨ੍ਹਾਂ ਸੈਲਾਨੀਆਂ ਨਾਲ ਸੰਪਰਕ ਨਹੀਂ ਹੋ ਸਕਿਆ, ਉਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤ ਦੀ ਹੈ ਅਤੇ 100 ਤੋਂ ਵੱਧ ਭਾਰਤੀ ਇਸ ਵਿੱਚ ਸ਼ਾਮਲ ਹਨ। ਉੱਤਰੀ ਨੇਪਾਲ ਦੇ ਕੁਝ ਹਿੱਸਿਆਂ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਜਾਨ-ਮਾਲ ਦੇ ਭਾਰੀ ਨੁਕਸਾਨ ਦਾ ਖਦਸ਼ਾ ਜਤਾਈ ਜਾ ਰਿਹਾ ਹੈ। ਹੜ੍ਹ ਵਿੱਚ ਕਈ ਪਿੰਡ ਵਹਿ ਗਏ ਹਨ ਅਤੇ ਇੱਕ ਪਨਬਿਜਲੀ ਡੈਮ ਸਮੇਤ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ।
ਨੇਪਾਲ-ਤਿੱਬਤ ਬਾਰਡਰ ‘ਤੇ ਹੜ੍ਹ, ਸੈਂਕੜੇ ਲੋਕਾਂ ਦੀ ਮੌਤ ਅਤੇ ਸੈਲਾਨੀ ਲਾਪਤਾ

