ਰੋਮ (ਇਟਲੀ) (ਕੈਂਥ) – ਇਟਲੀ ਦੀ ਪੁਲਿਸ ਨੇ ਵਿਸ਼ੇਸ਼ ਜਾਂਚ ਤੋਂ ਬਾਅਦ ਇੱਕ ਗੁੰਝਲਦਾਰ ਘਟਨਾ ਨੂੰ ਅੰਜਾਮ ਦੇਣ ਵਾਲੇ 9 ਵਿਦੇਸ਼ੀਆਂ ਉੱਪਰ ਕਾਰਵਾਈ ਕਰਦਿਆਂ ਇੱਕ ਪ੍ਰਵਾਸੀ ਅਪਰਾਧਿਕ ਟੋਲੇ ਦਾ ਪਰਦਾਸਫਾਸ ਕੀਤਾ ਹੈ। ਇਟਲੀ ਦੇ ਰਾਸ਼ਟਰੀ ਮੀਡੀਏ ਵਿੱਚ ਸੁਰਖੀ ਬਣਨ ਵਾਲੀ ਇਹ ਘਟਨਾ ਜਿਸ ਵਿੱਚ ਸੂਬਾ ਲੰਬਾਰਦੀਆਂ ਦੀ ਪੁਲਿਸ ਨੇ 9 ਅਜਿਹੇ ਭਾਰਤੀ ਝੰਬੇ ਹਨ ਜਿਹੜੇ ਕਿ ਆਪਣੇ ਹੀ ਦੇਸ਼ ਦੇ ਨਾਗਰਿਕ ਨੂੰ ਕਥਿਤ ਤੌਰ ‘ਤੇ ਅਗਵਾ ਕਰ ਕੁੱਟਮਾਰ ਕਰ ਉਸ ਤੋਂ ਫਿਰੌਤੀ ਮੰਗ ਰਹੇ ਸਨ।
ਇਹ ਦਿਲ ਦਹਿਲਾਉਣ ਵਾਲੀ ਕਹਾਣੀ ਜਿਲ੍ਹਾ ਬਰੇਸ਼ੀਆ ਦੇ ਸ਼ਹਿਰ ਗੇਧੀ ਤੋਂ ਇਸੇ ਹੀ ਸਾਲ ਦੇ ਜਨਵਰੀ ਮਹੀਨੇ ਦੀ 9 ਤਾਰੀਕ ਤੋਂ ਸ਼ੁਰੂ ਹੁੰਦੀ ਹੈ। ਇਸ ਦਿਨ ਬਰੇਸ਼ੀਆਂ ਦੀ ਪੁਲਿਸ ਨੇ 3 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹੜੇ ਕਿ ਇੱਕ ਭਾਰਤੀ ਨੌਜਵਾਨ ਅਤੇ ਉਸ ਦੀ ਮਾਂ ਨੂੰ ਸ਼ਹਿਰ ਗੇਧੀ ਦੇ ਡਾਕਘਰ ਧੱਕੇ ਨਾਲ ਲੈਕੇ ਗਏ। ਇਹਨਾਂ 3 ਭਾਰਤੀ ਨੌਜਵਾਨਾਂ ਨੇ ਪਿਸਤੋਲ ਨਾਲ ਧਮਕਾਉਂਦਿਆਂ ਬੰਦੀ ਬਣਾਏ ਭਾਰਤੀ ਨੂੰ ਆਪਣੇ ਬੱਚਤ ਖਾਤੇ ਵਿੱਚੋਂ 6000 ਯੂਰੋ ਕਢਵਾਉਣ ਲਈ ਮਜ਼ਬੂਰ ਕੀਤਾ, ਪਰ ਬੰਦੀ ਭਾਰਤੀ ਨੇ ਹੌਸਲਾ ਨਹੀਂ ਛੱਡਿਆ ਤੇ ਕਿਸੇ ਤਰ੍ਹਾਂ ਅੱਖ ਬਚਾ ਉਹ ਇੱਕ ਪੁਲਿਸ ਵਾਲੇ ਤੋਂ (ਜਿਹੜਾ ਉਸ ਸਮੇਂ ਨਾ ਵਰਦੀ ਵਿੱਚ ਸੀ ਤੇ ਨਾਂਹੀ ਡਿਊਟੀ ਉੱਪਰ) ਮਦਦ ਲੈਣ ਵਿੱਚ ਕਾਮਯਾਬ ਹੋ ਗਿਆ।
ਸਾਰੇ ਛੜਯੰਤਰ ਨੂੰ ਸਮਝ ਬਰੇਸ਼ੀਆ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਤੇ ਉਸ ਨੇ ਪਲਕ ਝਪਕਦਿਆਂ ਹੀ ਉਹਨਾਂ 3 ਭਾਰਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਹਨਾਂ ਕਿ ਭਾਰਤੀ ਨੌਜਵਾਨ ਨੂੰ ਕਥਿਤ ਤੌਰ ਤੇ ਬੰਦੀ ਬਣਾਇਆ ਹੋਇਆ ਸੀ। ਇਸ ਭਾਰਤੀ ਗਿਰੋਹ ਕੋਲੋਂ ਪੁਲਿਸ ਨੂੰ ਜਦੋਂ 2 ਪਿਸਤੌਲ ਮਿਲੇ ਤੇ ਨਾਲ 25 ਰਾਉਂਦ ਗੋਲਾ ਬਾਰੂਦ ਮਿਲਿਆ। 2 ਪਿਸਤੋਲਾਂ ਵਿੱਚੋਂ ਵੀ 1 ਚੋਰੀ ਦਾ ਬਰਾਮਦ ਕੀਤਾ ਗਿਆ ਤਾਂ ਪੁਲਸ ਨੇ ਬਾਰੀਕ ਛਾਣਨਾ ਲਾ ਇਸ ਕੇਸ ਨੂੰ ਹੋਰ ਖੰਘਾਲਿਆ। ਕਥਿਤ ਭਾਰਤੀ ਗਿਰੋਹ ਦੇ ਫੋਨਾਂ ਦੇ ਰਿਕਾਰਡ ਤੇ ਹੋਰ ਸੋਸ਼ਲ ਮੀਡੀਏ ਦੇ ਖਾਤੇ ਚੈੱਕ ਕੀਤੇ ਗਏ ਜਿਹਨਾਂ ਤੋਂ ਇਹ ਵੀ ਪਤਾ ਲੱਗਾ ਕਿ ਇਸ ਗਿਰੋਹ ਨੇ ਬੰਦੀ ਬਣਾਏ ਭਾਰਤੀ ਦੀ ਇੱਕ ਗਲਤ ਢੰਗ ਨਾਲ ਵੀਡਿਓ ਵੀ ਬਣਾਈ ਸੀ ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਉਹ ਬੰਦੀ ਭਾਰਤੀ ਤੋਂ ਫਿਰੌਤੀ ਮੰਗਦੇ ਸਨ। ਇਸ ਤੋਂ ਇਲਾਵਾ ਪੁਲਸ ਨੂੰ ਬਾਲ ਪੋਰਨੋਗ੍ਰਾਫੀ ਸਮੱਗਰੀ ਵੀ ਮਿਲੀ ਹੈ।
ਇਸ ਸਾਰੇ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 9 ਭਾਰਤੀ ਨੌਜਵਾਨਾਂ ਨੂੰ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ, ਜਿਹਨਾਂ ਵਿਚੋਂ 8 ਨੂੰ ਜੇਲ ਭੇਜ ਦਿੱਤਾ, ਜਦੋਂਕਿ 1 ਨੂੰ ਘਰ ਵਿੱਚ ਨਜ਼ਰ ਬੰਦ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਜਿਲ੍ਹਾ ਬਰੇਸ਼ੀਆਂ ਦੇ ਪੁਲਿਸ ਕਮਿਸ਼ਨਰ ਪਾਓਲੋ ਸਰਤੋਰੀ ਨੇ ਦੋਸ਼ੀ ਭਾਰਤੀ ਨੌਜਵਾਨ ਜਿਹੜੇ ਕਿ ਸਾਰੇ ਕਾਨੂੰਨੀ ਨਿਵਾਸ ਆਗਿਆ ਨਾਲ ਇਟਲੀ ਰਹਿੰਦੇ ਸਨ ਤੇ ਖੇਤੀਬਾੜੀ ਦਾ ਕੰਮ ਕਰਦੇ ਸਨ ਉਹਨਾਂ ਦੀ ਨਿਵਾਸ ਆਗਿਆ ਰੱਦ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਹਨ ਤਾਂ ਜੋ ਸਜ਼ਾ ਤੋਂ ਬਾਅਦ ਸਭ ਦੋਸ਼ੀਆਂ ਨੂੰ ਇਹਨਾਂ ਦੇ ਮੂਲ ਦੇਸ਼ ਭਾਰਤ ਭੇਜਿਆ ਜਾ ਸਕੇ। ਉਕਤ 9 ਭਾਰਤੀਆਂ ਨੇ 1 ਭਾਰਤੀ ਨਾਲ ਅਜਿਹਾ ਵਹਿਸ਼ੀਪੁਣੇ ਵਾਲਾ ਸਲੂਕ ਕਿਉਂ ਕੀਤਾ, ਕਿਸ ਗੱਲ ਤੋਂ ਉਹ ਬੰਦੀ ਬਣਾਏ ਭਾਰਤੀ ਤੋਂ ਫਿਰੌਤੀ ਮੰਗਦੇ ਸਨ, ਜਾਂ ਕਿਉਂ ਉਹਨਾਂ ਨੇ ਉਸ ਨੂੰ ਬੰਦੀ ਬਣਾ ਦੁਰਵਿਵਹਾਰ ਕੀਤਾ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਬੇਸ਼ੱਕ ਹਾਲੇ ਤੱਕ ਸਪੱਸਟ ਨਹੀ ਹੋਏ, ਪਰ ਇਸ ਘਟਨਾ ਨੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਇਟਲੀ ਵਿੱਚ ਪ੍ਰਵਾਸੀ ਗੈਂਗਵਾਰਾਂ, ਨਸ਼ਾ ਤਸਕਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੀ ਹੁਣ ਖੈਰ ਨਹੀਂ ਜਿਹੜੇ ਕਿ ਪ੍ਰਵਾਸੀਆਂ ਦੇ ਨਾਲ-ਨਾਲ ਇਟਾਲੀਅਨ ਲੋਕਾਂ ਲਈ ਵੱਡੀ ਮੁਸਬੀਤ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਨੌਜਵਾਨ ਨੂੰ ਬੰਦੀ ਬਣਾ ਕਥਿਤ ਤੌਰ ‘ਤੇ ਡਰਾ-ਧਮਕਾ, ਦੁਰਵਿਵਹਾਰ ਕਰ ਫਿਰੌਤੀ ਮੰਗਣ ਵਾਲੇ 9 ਭਾਰਤੀ ਕਾਬੂ

