in

ਇਟਲੀ ਵਿੱਚ ਬੱਸ ਡਰਾਇਵਰ ਬਣ ਮਾਪਿਆਂ ਸਮੇਤ ਭਾਰਤੀਆਂ ਦੀ ਬੱਲੇ-ਬੱਲੇ ਕਰਵਾਈ ਗੁਰਦਿਆਲ ਬਸਰਾ ਨੇ!

ਰੋਮ (ਇਟਲੀ) (ਦਲਵੀਰ ਕੈਂਥ) – ਇਸ ਗੱਲ ਨੂੰ ਫਿਰ ਇੱਕ ਵਾਰ ਪ੍ਰਮਾਣਿਤ ਕਰ ਦਿੱਤਾ ਹੈ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਪਿੰਡ ਖੋਥੜਾ ਦੇ ਜੰਮਪਲ ਗੁਰਦਿਆਲ ਬਸਰਾ (28) ਨੇ ਕਿ ਜੇਕਰ ਤੁਹਾਡੇ ਹੌਂਸਲੇ ਬੁਲੰਦ ਤੇ ਇਰਾਦੇ ਨੇਕ ਹਨ ਤਾਂ ਕਾਮਯਾਬੀ ਨਸੀਬ ਹੀ ਨਹੀਂ ਸਗੋਂ ਤੁਹਾਡੀ ਜਿੰਦਗੀ ਵਿੱਚ ਭੰਗੜੇ ਪਾਉਂਦੀ ਆਉਂਦੀ ਹੈ। ਗੁਰਦਿਆਲ ਬਸਰਾ ਜਿਸ ਨੇ ਸੰਨ 2012 ਵਿੱਚ ਪਿਤਾ ਸੋਢੀ ਬਸਰਾ ਤੇ ਮਾਤਾ ਕਸ਼ਮੀਰੋ ਬਸਰਾ ਦੀ ਬਦੌਲਤ ਇਟਲੀ ਦੀ ਧਰਤੀ ਉੱਪਰ ਪੈਰ ਧਰਦਿਆਂ ਹੀ ਇਹ ਤੈਅ ਕਰ ਲਿਆ ਸੀ ਕਿ ਜਿੰਦਗੀ ਵਿੱਚ ਕੁਝ ਵੱਖਰਾ ਕਰਨਾ ਹੈ. ਜਿਸ ਬਾਬਤ ਮਿਹਨਤ ਚਾਹੇ ਜਿੰਨੀ ਮਰਜ਼ੀ ਕਰਨੀ ਪਵੇ, ਪਰ ਦਿੱਖ ਕੁਝ ਵੱਖਰੀ ਹੋਵੇ। ਗੁਰਦਿਆਲ ਬਸਰਾ ਦੀ ਇਸ ਸੋਚ ਨੇ ਉਸ ਨੂੰ ਅੱਜ ਇਟਲੀ ਵਿੱਚ ਸਰਕਾਰੀ ਬੱਸ ਦਾ ਡਰਾਇਵਰ ਬਣਾ ਦਿੱਤਾ ਹੈ.
ਇਸ ਮੁਕਾਮ ‘ਤੇ ਪਹੁੰਚਾਉਣ ਵਿੱਚ ਗੁਰਦਿਆਲ ਬਸਰਾ ਦੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਉਹ ਪਲ-ਪਲ ਸੱਜਦਾ ਕਰਦਾ ਹੈ। ਪ੍ਰੈੱਸ ਨਾਲ ਦਿਲ ਦੀ ਸਾਂਝ ਪਾਉਂਦਿਆਂ ਗੁਰਦਿਆਲ ਬਸਰਾ ਨੇ ਕਿਹਾ ਕਿ, ਇਟਲੀ ਵਿੱਚ ਪਹਿਲਾਂ ਪਹਿਲ ਉਸ ਨੇ ਪੜ੍ਹਾਈ ਪੂਰੀ ਕਰਦਿਆਂ ਫੈਕਟਰੀ ਵਿੱਚ ਮਿਹਨਤ ਮੁਸ਼ੱਕਤ ਕੀਤੀ, ਪਰ ਦਿਲ ਦਾ ਸੁਪਨਾ ਸਦਾ ਜਿੰਦਗੀ ਦੀ ਗੱਡੀ ਦੇ ਸਟੇਰਿੰਗ ਵਾਂਗਰ ਇਟਲੀ ਵਿੱਚ ਬੱਸ ਦਾ ਸਟੇਰਿੰਗ ਫੜ੍ਹਨ ਦਾ ਰਿਹਾ। ਜਿਸ ਨੂੰ ਸੱਚ ਸਾਬਤ ਕਰਨ ਲਈ ਉਸ ਨੇ ਦਿਨ-ਰਾਤ ਪੜ੍ਹਾਈ ਕੀਤੀ ਤੇ ਆਖਿਰ ਮਾਪਿਆਂ ਤੇ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਉਸ ਨੇ ਬੱਸ ਚਲਾਉਣ ਦਾ ਲਾਇਸੈਂਸ ਹਾਸਲ ਕਰ ਹੀ ਲਿਆ।
ਅੱਜਕਲ੍ਹ ਗੁਰਦਿਆਲ ਬਸਰਾ ਜਿਹੜਾ ਕਿ ਇਟਲੀ ਦੇ ਸੂਬਾ ਲੰਬਾਰਦੀਆ ਦੇ ਜਿਲ੍ਹਾ ਬੈਰਗਾਮੋ ਵਿਖੇ ਪਰਿਵਾਰ ਸਮੇਤ ਰਹਿੰਦਾ ਹੈ ਤੇ ਬੱਸ ਦੀ ਸੇਵਾ ਵੀ ਇਸ ਜਿਲ੍ਹੇ ਵਿੱਚ ਕਰਦਾ ਹੈ।ਗੁਰਦਿਆਲ ਬਸਰਾ ਦਾ ਇਹ ਮੁਕਾਮ ਜਿੱਥੇ ਮਾਪਿਆਂ ਲਈ ਮਾਣ ਦਾ ਸਵੱਬ ਬਣ ਗਿਆ ਹੈ, ਉੱਥੇ ਉਹ ਸਾਰੇ ਭਾਰਤੀ ਭਾਈਚਾਰੇ ਦੀ ਇਟਾਲੀਅਨ ਤੇ ਹੋਰ ਕਮਿਊਨਿਟੀ ਵਿੱਚ ਬੱਲੇ-ਬੱਲੇ ਵੀ ਕਰਵਾ ਰਿਹਾ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਟਲੀ ‘ਚ ਵਿਦੇਸ਼ੀਆਂ ਲਈ ਇਟਾਲੀਅਨ ਭਾਸ਼ਾ ਔਖੀ ਹੋਣ ਕਾਰਨ ਬਹੁਤ ਸਾਰੇ ਅਜਿਹੇ ਭਾਰਤੀ ਵੀ ਹਨ ਜਿਹੜੇ ਕਿ ਬੋਲੀ ਨਾ ਆਉਣ ਕਾਰਨ ਬਹੁਤ ਸਾਰੇ ਕਾਮਯਾਬੀ ਦੇ ਮੁਕਾਮ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਜਿਹਨਾਂ ਵਿੱਚ ਡਰਾਈਵਿੰਗ ਲਾਇਸੈਂਸ ਵੀ ਇੱਕ ਹੈ, ਜਿਸ ਨੂੰ ਹਾਸਲ ਕਰਨ ਲਈ ਵਿਸ਼ੇਸ਼ ਕੋਚਿੰਗ ਸੈਂਟਰ ਵੀ ਭਾਰਤੀਆਂ ਦੀ ਲਾਇਸੈਂਸ ਕਰਨ ਵਿੱਚ ਮਦਦ ਕਰ ਰਹੇ ਹਨ ਜਿਹੜੇ ਕਿ ਮਸਾਂ ਕਾਰ ਦਾ ਹੀ ਲਾਇਸੈਂਸ ਕਰ ਪਾਉਂਦੇ ਹਨ. ਅਜਿਹੇ ਵਿੱਚ ਇਟਲੀ ਵਿੱਚ ਕੋਈ ਪੰਜਾਬੀ ਗੱਭਰੂ ਬੱਸ ਦਾ ਡਰਾਇਵਰ ਬਣ ਇਟਲੀ ਦੇ ਸਰਕਾਰੀ ਤਾਣੇ ਵਿੱਚ ਬੁਣਤਾਂ ਬੁਣਦਾ ਨਜ਼ਰੀ ਆਉਂਦਾ ਹੈ ਤਾਂ ਭਾਈਚਾਰਾ ਤਾਂ ਉਂਝ ਹੀ ਬਾਗੋ ਬਾਗ ਹੋ ਜਾਂਦਾ ਹੈ। ਗੁਰਦਿਆਲ ਬਸਰਾ ਦਾ ਇਟਲੀ ਵਿੱਚ ਰੈਣ ਬਸੇਰਾ ਕਰਦੀ ਭਾਰਤੀ ਨੌਜਵਾਨ ਪੀੜ੍ਹੀ ਨੂੰ ਇਹ ਮਸ਼ਵਰਾ ਹੈ ਕਿ ਸਾਨੂੰ ਸਭ ਨੂੰ ਇਟਲੀ ਵਿੱਚ ਇਟਾਲੀਅਨ ਭਾਸ਼ਾ ਦਾ ਢੁਕਵਾਂ ਗਿਆਨ ਲੈ ਸਰਕਾਰੀ ਕੰਮਾਂ-ਕਾਰਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਜਿਹੇ ਕਦਮ ਇਟਲੀ ਦੇ ਭਾਰਤੀਆਂ ਦਾ ਭਵਿੱਖ ਸੁਖਦ ਅਤੇ ਉਜਵਲ ਬਣਾਉਂਦੇ ਹਨ।

ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵੱਲੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਕਾਨੀਕੋਸਾ ‘ਚ ਵਿਸਾਖੀ ਮੇਲਾ ਆਯੋਜਿਤ