in

ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ – ਘੁਣਤਰਾਂ

”ਬਾਬਾ ਜੀ! ਹੁਣ ਤਾਂ ਬਰਨਾਲਾ ਸਾਬ੍ਹ ਵੀ ਕਹੀ ਜਾਂਦੇ ਨੇ, ਬਈ ਬਾਦਲਾਂ ਨੇ ਚੰਡੀਗੜ੍ਹ ਤੋਂ ਦਾਅਵਾ ਛੱਡ ਦਿੱਤੈ” ਬਿੱਕਰ ਦੀ ਗੱਲ ਸੁਣ ਕੇ ਬਾਬਾ ਲਾਭ ਸਿੰਘ ਨੇ ਖੂੰਡਾ ਧਰਤੀ ‘ਚ ਗੱਡਦਿਆਂ ਕਿਹਾ ”ਭਾਈ! ਇਹ ‘ਕਾਲੀ ਲੀਡਰਾਂ ‘ਚੋਂ ਤਾਂ ਕੋਈ ਵੀ ਇੱਕ ਦੂਜੇ ਨਾਲੋਂ ਘੱਟ ਨਈਂ, ਬਾਦਲਾਂ ਨੂੰ ਕੁਛ ਕਹਿਣ ਤੋਂ ਪਹਿਲਾਂ ਬਰਨਾਲਾ ਸਾਬ੍ਹ ਨੂੰ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰ ਲੈਣਾ ਚਾਹੀਦੈ” ਬਾਬਾ ਲਾਭ ਸਿੰਘ ਦੀ ਸਖ਼ਤ ਹੋਇਆ ਰੁੱਖ ਦੇਖਕੇ ਸ਼ਿੰਦਾ ਬੋਲਿਆ ”ਬਾਬਾ ਜੀ! ਬਰਨਾਲਾ ਸਾਬ੍ਹ ਨੇ ਠੀਕ ਈ ਕਿਹੈ ਬਈ, ਬਾਦਲਾਂ ਨੇ ਨਵਾਂ ਚੰਡੀਗੜ੍ਹ ਵਸਾਉਣ ਦਾ ਐਲਾਨ ਕਰਕੇ ਇੱਕ ਤਰਾਂ ਨਾਲ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਤਾਂ ਛੱਡ ਈ ਦਿੱਤੈ” ਸ਼ਿੰਦੇ ਦੀ ਇਸ ਗੱਲ ਨਾਲ ਸਹਿਮਤ ਹੁੰਦਿਆਂ ਬਾਬਾ ਲਾਭ ਸਿੰਘ ਬੋਲਿਆ ” ਸ਼ੇਰਾ ਗੱਲ ਤਾਂ ਤੇਰੀ ਖਰੀ ਐ, ਪਰ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਜੀਹਦੇ ‘ਚ ਪਹਿਲਾਂ ਈ ਛੱਤੀ ਸੌ ਛੇਕ ਐ, ਸਾਇਦ ਬਰਨਾਲਾ ਸਾਬ੍ਹ ਆਪ ਭੁਲ’ਗੇ ਨੇ ਬਈ ਉਹਨਾਂ ਨੇ ਆਪ ਕੀ ਕੀਤਾ ਸੀ ਚੰਡੀਗੜ੍ਹ ਦੇ ਮਾਮਲੇ ‘ਚ” ਬਾਬਾ ਲਾਭ ਸਿੰਘ ਨੂੰ ਵਿਚੋਂ ਟੋਕਦਿਆਂ ਬਿੱਕਰ ਬੋਲ ਪਿਆ ” ਬਾਬਾ ਜੀ! ਪੰਜਾਬ ‘ਚ ਬਰਨਾਲਾ ਸਾਬ੍ਹ ਦੀ ਸਰਕਾਰ ਬਣੀ ਨੂੰ ਤਾਂ ਤੀਹ ਸਾਲ ਹੋਣ ਵਾਲੇ ਦੋ’ਗੇ, ਹੁਣ ਸਾਨੂੰ ਤਾਂ ਕੀ ਪਤੈ, ਬਈ ਬਰਨਾਲਾ ਸਾਬ੍ਹ ਨੇ ਚੰਡੀਗੜ੍ਹ ਵਾਲੇ ਮਾਮਲੇ ‘ਤੇ ਕੀ ਕੁਛ ਕੀਤੈ, ਤੁਸੀਂ ਈ ਦੱਸੋ ਖੋਲ ਕੇ ” ਬਿੱਕਰ ਦੀ ਇਹ ਗੱਲ ਸੁਣਕੇ ਗੰਭੀਰ ਹੁੰਦਿਆਂ ਬਾਬਾ ਲਾਭ ਸਿੰਘ ਨੇ ਕਿਹਾ ” ਭਾਈ! ਬਰਨਾਲਾ ਸਾਬ੍ਹ ਦੀ ਸਰਕਾਰ ਬਣੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਐਮ. ਐਲ. ਏ ਸੀ ਤੇ ਬਰਨਾਲਾ ਸਾਬ੍ਹ ਪੂਰੇ ਸ਼ਕਤੀਸ਼ਾਲੀ ਮੁੱਖ ਮੰਤਰੀ ਸੀ ਉਦੋਂ, ਕੇਂਦਰ ਦੀ ਕਾਂਗਰਸੀ ਸਰਕਾਰ ਵੀ ਉਦੋਂ ਪੰਜਾਬ ਦੀਆਂ ਬਹੁਤੀਆਂ ਨਈਂ ਤਾਂ ਘੱਟੋ ਘੱਟ ਸੰਤ ਲੌਂਗੋਵਾਲ ਤੇ ਰਜੀਵ ਗਾਂਧੀ ਵਿਚਕਾਰ ਹੋਏ ਸਮਝੌਤੇ ਵਿਚਲੀਆਂ ਕੁਛ ਮੰਗਾਂ ਮੰਨਣ ਨੂੰ ਤਿਆਰ ਸੀ, ਪਰ ਉਦੋਂ ਬਰਨਾਲਾ ਸਾਬ੍ਹ ਨੂੰ ਵੀ ਮੁੱਖ ਮੰਤਰੀ ਵਾਲੀ ਕੁਰਸੀ ਨਾਲ ਇਸੇ ਤਰਾਂ ਮੋਹ ਹੋ ਗਿਆ ਸੀ, ਜਿਵੇਂ ਹੁਣ ਬਾਦਲ ਸਾਬ੍ਹ ਨੂੰ ਹੋਇਆ ਪਿਐ, ਪ੍ਰਧਾਨ ਮੰਤਰੀ ਰਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਹੋਏ ਮੁਤਾਬਿਕ ਕੇਂਦਰ ਸਰਕਾਰ ਨੇ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀ, ਪਰ ਕੇਂਦਰ ਦੀ ਸਰਕਾਰ ਨੂੰ ਬਰਨਾਲਾ ਸਾਬ੍ਹ ਦੇ ਕੁਰਸੀ ਮੋਹ ਬਾਰੇ ਵੀ ਪਤਾ ਸੀ, ਏਸ ਕਰਕੇ ਕੇਂਦਰ ਦੀ ਸਰਕਾਰ ਵੀ ਚੁੱਪ ਵੱਟ ਗਈ ਤੇ ਬਰਨਾਲਾ ਸਾਬ੍ਹ ਵੀ ਕੁਰਸੀ ਦੇ ਮੋਹ ‘ਚ ਫਸੇ ਚੰਡੀਗੜ ਸਮੇਤ ਆਪਣੇ ਸਾਹਮਣੇ ਹੋਏ ਰਜੀਵ ਲੌਂਗੋਵਾਲ ਸਮਝੌਤੇ ਨੂੰ ਵੀ ਭੁੱਲ ਗਏ” ਬਾਬਾ ਲਾਭ ਸਿੰਘ ਨੂੰ ਟੋਕਿਦਆਂ ਸ਼ਿੰਦੇ ਨੇ ਕਿਹਾ ” ਬਾਬਾ ਜੀ! ਕੇਂਦਰ ਦੀ ਸਰਕਾਰ ਤਾਂ ਚੰਡੀਗੜ੍ਹ ਦੇਣ ਨੂੰ ਤਿਆਰ ਹੋਈ ਪਈ ਸੀ, ਪਰ ਬਰਨਾਲਾ ਸਾਬ੍ਹ ਈ ਕੱਚਾ ਕੱਤ’ਗੇ, ਏਹਦੇ ਬਾਰੇ ਮਗਰੋਂ ਸਾਰੀ ਸਚਾਈ ਰਜੀਵ ਗਾਂਧੀ ਦੀ ਸੈਕਟਰੀ ਰਹੀ ਆਈ. ਏ. ਐਸ. ਅਫਸਰ ਸਰਲਾ ਗਰੇਵਾਲ ਨੇ ਸਾਹਮਣੇ ਲਿਆਂਦੀ ਐ, ਉਹਨੇ ਸਰੇਆਮ ਇਹ ਗੱਲ ਸਵੀਕਾਰ ਕੀਤੀ ਐ, ਬਈ ਰਜੀਵ ਗਾਂਧੀ ਨੇ 26 ਜਨਵਰੀ 1986 ਨੂੰ ਉਹਨਾਂ ਨੂੰ ਰਾਤ ਦੇ ਬਾਰਾਂ ਵਜੇ ਤੱਕ ਦਫਤਰ ਵਿੱਚ ਬੈਠਣ ਲਈ ਕਿਹਾ ਸੀ ਤੇ ਇਹ ਵੀ ਕਿਹਾ ਸੀ ਕਿ ਜੇਕਰ ਬਰਨਾਲਾ ਸਾਬ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਆਹੁਦੇ ਤੋਂ ਅਸਤੀਫਾ ਭੇਜਦੇ ਹਨ ਤਾਂ ਤੁਰੰਤ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਐਲਾਨ ਕਰ ਦਿੱਤਾ ਜਾਵੇ, ਏਸ ਐਲਾਨ ਲਈ ਇੱਕ ਕਾਗਜ ਫੈਕਸ ਵਿੱਚ ਚਾੜਕੇ ਉਹ ਰਾਤ ਦੇ ਬਾਰਾਂ ਵਜੇ ਤੱਕ ਆਪਣੇ ਦਫਤਰ ਵਿੱਚ ਬੈਠੇ ਬਰਨਾਲਾ ਸਾਬ੍ਹ ਦਾ ਰੁੱਖ ਉਡੀਕਦੇ ਰਹੇ, ਪਰ ਜਦੋਂ ਬਾਰਾਂ ਵਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਈਂ ਹੋਈ ਤਾਂ ਉਹਨਾਂ ਨੇ ਹੁਕਮਾਂ ਮਤਾਬਿਕ ਸਾਰਾ ਕੁਛ ਠੱਪ ਕਰ ਦਿੱਤਾ” ਸ਼ਿੰਦੇ ਦੀ ਗੱਲ ਸੁਣਕੇ ਬਿੱਕਰ ਨੇ ਕਿਹਾ ” ਵਾਹ ਜੀ ਵਾਹ! ਆਪ ਨਾ ਵਸੀ ਸਹੁਰੀਂ, ਦੂਜੀਆਂ ਨੂੰ ਦੇਵੇ ਮੱਤਾਂ, ਆਪਣੇ ਦਿਨ ਭੁੱਲ’ਗੀ, ਜੇਹੜੀਆਂ ਕਰਦੀ ਰਹੀ ਘਤੱਤਾਂ ” ਬਿੱਕਰ ਦੇ ਇਸ ਟੋਟਕੇ ਨੇ ਸਾਰੇ ਹੱਸਣ ਲਾ ਦਿੱਤੇ।

-ਘੁਣਤਰੀ

98764-16009

ਚਾਹਲ ਦੀ ਕਿਤਾਬ ‘ਇਟਲੀ ਵਿੱਚ ਸਿੱਖ ਫੌਜੀ’ ਫੋਰਲੀ ਵਿਖੇ 5 ਅਗਸਤ ਨੂੰ ਹੋਵੇਗੀ ਰਿਲੀਜ਼

ਪਾਕਿ ਵੱਲੋਂ ਸਿੱਖਾਂ ਦੇ ਹਮਦਰਦ ਬਨਣ ਦੀ ਨਾਟਕੀ ਪ੍ਰਕਿਰਿਆ ਜੱਗ ਜਾਹਿਰ