in

ਇਟਲੀ ਦੀਆਂ ਸੰਗਤਾਂ ਨੇ ਗੁਰੂ ਦੇ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਨਵੇਂ ਸਾਲ ਦੀ ਆਮਦ ਦਾ ਸਵਾਗਤ

ਨਵੇਂ ਸਾਲ ਦੀ ਆਮਦ ਮੌਕੇ ਇਸ ਸਮਾਗਮ ਵਿੱਚ ਪਹੁੰਚੀ ਸੰਗਤ ਨੇ ਸਤਿਗੁਰੂ ਦੇ ਜੈਕਾਰਿਆਂ ਦੀ ਗੂੰਜ ਵਿੱਚ ਸਾਲ 2023 ਦਾ ਨਿੱਘਾ ਸਵਾਗਤ ਕੀਤਾ।

ਰੋਮ (ਇਟਲੀ) (ਕੈਂਥ) – ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬ ਤੇ ਹਿੰਦੂ ਮੰਦਰਾਂ ਵਿੱਚ ਭਾਰਤੀ ਸਿੱਖ ਤੇ ਹਿੰਦੂ ਭਾਈਚਾਰੇ ਵੱਲੋਂ ਸਾਲ 2023 ਨੂੰ ਜੀ ਆਇਆ ਕਹਿਣ ਲਈ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਤੇ ਅਰਦਾਸ ਬੇਨਤੀ ਕੀਤੀ ਗਈ ਕਿ ਇਹ ਨਵਾਂ ਸਾਲ ਸਭ ਲਈ ਤੰਦੁਰਸਤੀ ਤੇ ਖੁਸ਼ੀਆਂ ਭਰਿਆ ਹੋਵੇ। ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਅਧੀਨ ਪੈਂਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਸੰਗਤਾਂ ਵੱਲੋਂ ਸਾਲ 2022 ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ 2023 ਦੀ ਆਮਦ ਦਾ ਸਵਾਗਤ ਕਰਨ ਲਈ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿੱਚ ਦੇਰ ਰਾਤ ਤੱਕ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਸਾਹਿਬਾਨ ਵੱਲੋਂ ਸਤਿਗੁਰਾਂ ਦੀ ਅੰਮ੍ਰਿਤਬਾਣੀ ਦੇ ਜਾਪ ਕੀਤੇ। ਉਪਰੰਤ ਆਪਣੀਆਂ ਧਾਰਮਿਕ ਰਚਨਾਵਾਂ ਦੁਆਰਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਨਵੇਂ ਸਾਲ ਦੀ ਆਮਦ ਮੌਕੇ ਇਸ ਸਮਾਗਮ ਵਿੱਚ ਪਹੁੰਚੀ ਸੰਗਤ ਨੇ ਸਤਿਗੁਰੂ ਦੇ ਜੈਕਾਰਿਆਂ ਦੀ ਗੂੰਜ ਵਿੱਚ ਸਾਲ 2023 ਦਾ ਨਿੱਘਾ ਸਵਾਗਤ ਕੀਤਾ।
ਇਸ ਸਮਾਗਮ ਮੌਕੇ ਵੱਖ-ਵੱਖ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜਿਆ ਅਤੇ ਗੁਰਬਾਣੀ ਤੋਂ ਸੇਧ ਲੈਕੇ ਨਵੇਂ ਸਾਲ 2023 ਨੂੰ ਅਤਿ ਸੁਖਦਾਇਕ ਬਣਾਉਣ ਲਈ ਸਤਿਗੁਰਾਂ ਦੇ ਦਿੱਤੇ ਉਪਦੇਸ਼ ਤੇ ਅਮਲ ਕਰਨ ਤੇ ਜੋ਼ਰ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਰਾਮ ਆਸਰਾ ਨੇ ਸੰਗਤਾਂ ਨੂੰ ਨਵੇਂ ਸਾਲ ਦੀ ਆਮਦ ਦੀ ਵਧਾਈ ਦਿੰਦਿਆਂ ਗੁਰੂ ਦੀ ਬਾਣੀ ਨਾਲ ਜੁੜੇ ਰਹਿਣ ਲਈ ਪ੍ਰੇਰਿਆ।
ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹੇਰਮਦਾ ਵਿਖੇ ਜਿੱਥੇ ਕੀਰਤਨੀ ਤੇ ਕਵੀਸ਼ਰ ਜਥਿਆਂ ਨੇ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਵਾਇਆ, ਉੱਥੇ ਛੋਟੇ ਬੱਚਿਆਂ ਨੇ ਵੀ ਆਪਣੀ ਸੁਰੀਲੀ ਆਵਾਜ਼ ਰਾਹੀਂ ਸੰਗਤਾਂ ਵਿੱਚ ਗੁਰੂ ਮਹਿਮਾ ਨਾਲ ਨਵਾਂ ਜੋਸ਼ ਭਰਿਆ। ਨਵੇਂ ਸਾਲ ਦੀ ਆਮਦ ਦੇ ਮੌਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹੇਰਮਦਾ ਦੇ ਹੈੱਡ ਗ੍ਰੰਥੀ ਭਾਈ ਅੰਗਰੇਜ਼ ਸਿੰਘ ਨੇ ਪਹੁੰਚੀ ਸੰਗਤ ਨੂੰ ਨਵੇਂ ਸਾਲ 2023 ਦੀ ਆਮਦ ਉੱਤੇ ਵਧਾਈ ਦਿੰਦਿਆਂ ਕਿਹਾ ਕਿ, ਸਮੁੱਚੀਆਂ ਸੰਗਤਾਂ ਨੂੰ ਨਵੇਂ ਸਾਲ ਦੇ ਆਪਣੇ ਸਾਰੇ ਕਾਰਜ ਗੁਰੂ ਜੀ ਦੀ ਬਾਣੀ ਤੋਂ ਸੇਧ ਲੈ ਕਰਨੇ ਚਾਹੀਦੇ ਹਨ।
ਉਹਨਾਂ ਸੰਗਤਾਂ ਦਾ ਨਵੇਂ ਸਾਲ ਦੀ ਆਮਦ ਮੌਕੇ ਅੱਤ ਦੀ ਠੰਡ ਵਿੱਚ ਗੁਰਦੁਆਰਾ ਸਾਹਿਬ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ। ਇਨਾਂ ਸਮਾਗਮਾਂ ਵਿੱਚ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

ਨਾਮ ਦੀ ਬਦਲੀ / नाम परिवर्तन / Name change / Cambio di nome

13 ਸਾਲ ਦੇ ਬੱਚੇ ਨਾਲ ਤਸ਼ੱਦਦ ਕਰਨ ਦੇ ਦੋਸ਼ ਵਿੱਚ ਦੋ 15 ਸਾਲਾ ਨਾਬਾਲਗ ਗ੍ਰਿਫਤਾਰ