in

ਇਟਲੀ ਦੇ ਉੱਘੇ ਆਗੂ ਕਰਮਜੀਤ ਸਿੰਘ ਢਿੱਲੋਂ ਦੇ ਦਿਹਾਂਤ ਹੋ ਜਾਣ ਨਾਲ ਹੋਇਆ ਇੱਕ ਯੁੱਗ ਦਾ ਅੰਤ

ਸਿਆਸੀ, ਧਾਰਮਿਕ ਤੇ ਖੇਡ ਖੇਤਰ ਨਾਲ ਸਬੰਧਤ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਦੀ ਭਾਰਤੀ ਸਿਆਸਤ ਦੇ ਧੁਰੇ ਮੰਨੇ ਜਾਣ ਵਾਲੇ ਕਰਮਜੀਤ ਸਿੰਘ ਢਿੱਲੋਂ ਤਾਸ਼ਪੁਰ (ਕਪੂਰਥਲਾ) ਦਾ ਅੱਜ ਲਾਤੀਨਾ ਦੇ ਹਸਪਤਾਲ ਵਿਖੇ ਦਿਹਾਂਤ ਹੋ ਜਾਣ ਨਾਲ ਇਟਲੀ ਦੀ ਭਾਰਤੀ ਸਿਆਸਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। 64 ਸਾਲਾਂ ਦੇ ਕਰਮਜੀਤ ਸਿੰਘ ਢਿੱਲੋਂ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚੱਲੇ ਆ ਰਹੇ ਸਨ, ਉਹ ਇਟਲੀ ਦੀ ਭਾਰਤੀ ਸਿਆਸਤ ਵਿੱਚ ਲੰਬਾ ਸਮਾਂ ਸਰਗਰਮ ਰਹੇ। ਇੱਦਾਂ ਵੀ ਮੰਨਿਆਂ ਜਾਂਦਾ ਹੈ ਕਿ ਇਟਲੀ ਵਿੱਚ ਭਾਰਤੀ ਸਿਆਸਤ ਨੂੰ ਹੌਂਦ ਵਿੱਚ ਲਿਆਉਣ ਵਾਲੇ ਉਹੀ ਸਨ. ਜਿਹੜੇ ਕਿ ਕਾਫ਼ੀ ਸਮਾਂ ਇੰਡੀਅਨ ਓਵਰਸੀਜ ਕਾਂਗਰਸ ਇਟਲੀ ਦੇ ਪ੍ਰਧਾਨ ਵੀ ਰਹੇ. ਇਸ ਨਾਲ ਉਹ ਆਖ਼ਰੀ ਸਾਹ ਤੱਕ ਐਨ ਆਰ ਆਈ ਸਭਾ ਇਟਲੀ ਦੇ ਪ੍ਰਧਾਨ ਵੀ ਰਹੇ।
ਕਿਸੇ ਸਮੇਂ ਕਰਮਜੀਤ ਸਿੰਘ ਢਿੱਲੋਂ ਇਟਲੀ ਦੀ ਭਾਰਤੀ ਸਿਆਸਤ ਦਾ ਜਿਹਾ ਨਾਮ ਮੰਨਿਆਂ ਜਾਂਦਾ ਸੀ ਕਿ ਲੋਕ ਉਸ ਦੇ ਮੁਹਰੇ ਆਉਣ ਤੋਂ ਵੀ ਕਤਰਾਉਂਦੇ ਸਨ, ਕਿਉਂਕਿ ਇਟਲੀ ਦਾ ਸ਼ਾਇਦ ਹੀ ਕੋਈ ਅਜਿਹਾ ਆਗੂ ਹੋਵੇ, ਜਿਹੜਾ ਕਿ ਇੱਕੋ ਸਮੇਂ 5 ਪ੍ਰਧਾਨਗੀਆਂ ਦੀਆਂ ਜਿੰਮੇਵਾਰੀਆਂ ਸਾਂਭਦਾ ਹੋਵੇ। 5 ਪ੍ਰਧਾਨਗੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦਾ ਪ੍ਰਧਾਨ, ਮਹਾਰਾਜਾ ਸਪੋਰਟਸ ਕਲੱਬ ਸਬਾਊਦੀਆ ਦਾ ਪ੍ਰਧਾਨ, ਐਨ ਆਰ ਆਈ ਸਭਾ ਇਟਲੀ ਦਾ ਪ੍ਰਧਾਨ, ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਪ੍ਰਧਾਨ, ਕਬੱਡੀ ਫੈਡਰੇਸ਼ਨ ਇਟਲੀ ਦਾ ਪ੍ਰਧਾਨ ਹੋਣ ਨਾਲ ਕਰਮਜੀਤ ਸਿੰਘ ਢਿੱਲੋਂ ਦਾ ਨਾਮ ਇਟਲੀ ਤੋਂ ਬਾਹਰ ਵੀ ਬੋਲਦਾ ਸੀ। ਜਿੰਨੀ ਦੇਰ ਉਹ ਇੰਡੀਅਨ ਓਵਰਸੀਜ਼ ਇਟਲੀ ਦੇ ਪ੍ਰਧਾਨ ਰਹੇ, ਉਨ੍ਹਾਂ ਅੱਗੇ ਇਟਲੀ ਦੀਆਂ ਹੋਰ ਭਾਰਤੀ ਸਿਆਸੀ ਪਾਰਟੀਆਂ ਦੇ ਆਗੂ ਟਿਕ ਨਾ ਸਕੇ। ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੇ ਵੀ ਉਹ ਆਖ਼ਰੀ ਸਾਹਾਂ ਤੱਕ ਪ੍ਰਧਾਨ ਰਹੇ।
ਲਾਸੀਓ ਸੂਬੇ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਸਬਾਊਦੀਆ ਵਿਖੇ ਜੋ ਬਣ ਕੇ ਲਗਭਗ ਤਿਆਰ ਹੈ, ਇਹ ਵੀ ਢਿੱਲੋਂ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਫਲ ਹੈ। ਉਹ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਤੇ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਵੀ ਉਹਨਾਂ ਕਾਫ਼ੀ ਜੱਦੋ-ਜਹਿਦ ਕੀਤੀ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵੀ ਇਟਲੀ ਵਿੱਚ ਸਥਾਪਿਤ ਕਰਨ ਲਈ ਢਿੱਲੋਂ ਦਾ ਵੱਡਾ ਯੋਗਦਾਨ ਰਿਹਾ। ਜਿਸ ਲਈ ਖੇਡ ਪ੍ਰੇਮੀ ਉਹਨਾਂ ਨੂੰ ਹਮੇਸ਼ਾਂ ਯਾਦ ਕਰਦੇ ਰਹਿਣਗੇ। ਕਰਮਜੀਤ ਸਿੰਘ ਢਿੱਲੋਂ ਆਪਣੇ ਪਿਛੇ ਵਿਧਵਾ ਪਤਨੀ ਤੋਂ ਇਲਾਵਾ 2 ਬੱਚਿਆਂ ਨੂੰ ਛੱਡ ਗਏ ਹਨ। ਇਟਲੀ ਦੇ ਵੱਖ ਵੱਖ ਧਾਰਮਿਕ ਆਗੂਆਂ, ਭਾਰਤੀ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਖੇਡ ਖੇਤਰ ਦੇ ਆਗੂਆਂ ਨੇ ਢਿੱਲੋਂ ਦੀ ਮੌਤ ‘ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ!

ਲਾਤੀਨਾ ਦੇ ਇੱਕ ਹੋਰ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

ਸਨਾਤਨ ਧਰਮ ਮੰਦਰ ਵਿਖੇ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ