ਫਿਰੈਂਸੇ (ਇਟਲੀ) 25 ਸਤੰਬਰ (ਸਾਬੀ ਚੀਨੀਆਂ) – ਇਟਲੀ ‘ਚ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਹਿੱਤ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਦੁਆਰਾ ਫਿਰੈਂਸੇ ਨੇੜ੍ਹਲੇ ਸ਼ਹਿਰ ਪਲਾਸੋਲਾ ਵਿਖੇ ਇਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਇਟਲੀ ਦੇ ਨਾਲ ਨਾਲ ਇੰਗਲੈਂਡ ਤੋਂ ਵੀ ਰਿਟਾਇਰਡ ਫੌਜੀ ਸੈਨਿਕਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਕਮੇਟੀ ਦੇ ਭਾਈ ਪ੍ਰਿਥੀਪਾਲ ਸਿੰਘ, ਸੇਵਾ ਸਿੰਘ, ਸਤਨਾਮ ਸਿੰਘ, ਸਰਵਨ ਸਿੰਘ, ਕੁਲਜੀਤ ਸਿੰਘ, ਜਸਵੀਰ ਸਿੰਘ, ਜੀਤ ਸਿੰਘ ਆਦਿ ਵੀ ਸਮਾਗਮ ਵਿੱਚ ਹਾਜਰ ਹੋਏ। ਵੱਖ ਵੱਖ ਸ਼ਹਿਰਾਂ ਦੇ ਮੇਅਰਜ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।
ਦੱਸਣਯੋਗ ਹੈ ਕਿ, ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਦੁਆਰਾ ਇਟਲੀ ਦੇ 9 ਸ਼ਹਿਰਾਂ ‘ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਯਾਦ ਵਿੱਚ ਯਾਦਗਾਰਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ। ਇਸ ਕਮੇਟੀ ਦੁਆਰਾ ਫੋਰਲੀ ਵਿਖੇ ਵੱਡੇ ਪੱਧਰ ‘ਤੇ ਸ਼ਰਧਾਂਜਲੀ ਸਮਾਰੋਹ ਹਰ ਸਾਲ ਕਰਵਾਇਆ ਜਾਂਦਾ ਹੈ।