ਚਿੱਟੇ ਦਿਨ ਗੁਰੂ ਸਾਹਿਬ ਦੀ ਬੇਅਦਬੀ, ਸਿੱਖ ਸੰਗਤਾਂ ਮੋਰਚਾ ਲਾ ਨਿਭਾਇਆ, ਧਰਮ-ਸਿੱਖ ਆਗੂਆਂ ਪੁਗਾਈਆ ਸਿਰਫ ਯਾਰੀਆਂ
ਰੋਮ (ਇਟਲੀ) (ਬਿਊਰੋ) – ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੀਆਨੋ ਦੀ ਪੋਰਦੇਨੋਨੇ ਵਿਖੇ ਪਿਛਲੇ 8 ਦਿਨਾਂ ਤੋਂ ਸੰਗਤਾਂ ਨੇ ਪ੍ਰਧਾਨ ਵੱਲੋਂ ਲਗਾਏ ਜਿੰਦਰੇ ਨੂੰ ਖੁੱਲ੍ਹਵਾਉਣ ਲਈ ਮੀਂਹ, ਹਨੇਰੀ, ਗੜ੍ਹੇਮਾਰੀ ਦੀ ਪ੍ਰਵਾਹ ਨਾ ਕਰਦਿਆਂ ਮੋਰਚਾ ਨਿਰੰਤਰ ਚੱਲਦਾ ਰੱਖਿਆ। ਜਿਸ ਵਿੱਚ ਕਿ 2 ਸਿੰਘ ਅਤੇ 1 ਸਿੰਘਣੀ ਭੁੱਖ ਹੜਤਾਲ ‘ਤੇ ਬੈਠੇ ਸਨ। ਅੱਜ ਮੋਰਚੇ ਦਾ 8ਵਾਂ ਦਿਨ ਸੀ। “ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ” ਨੂੰ ਸੰਗਤਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਇਸ ਵਿਵਾਦ ਨੂੰ ਪ੍ਰਸ਼ਾਸਨ ਵੱਲੋਂ ਸੁਲਝਾ ਲਿਆ ਗਿਆ ਹੈ. ਜਿਸ ਤਹਿਤ ਆਪ ਗੁਰਦੁਆਰਾ ਸਾਹਿਬ ਆ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੱਗਾ ਜਿੰਦਰਾ ਖੁੱਲ੍ਹਵਾ ਦਿੱਤਾ ਹੈ। ਜਿੰਦਰਾ ਖੁੱਲ੍ਹਦਿਆਂ ਹੀ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਸਿੱਖ ਸੰਗਤਾਂ ਜੈਕਾਰੇ ਲਗਾਉਂਦੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ ਤੇ ਗੁਰੂ ਘਰ ਦੇ ਵਜ਼ੀਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।
ਦਰਬਾਰ ਵਿੱਚ ਜਿੱਥੇ ਸੰਗਤਾਂ ਦੇ ਚਿਹਰਿਆਂ ਉੱਪਰ ਮੋਰਚੇ ਦੀ ਜਿੱਤ ਦੀ ਲਾਲੀ ਸੀ, ਉੱਥੇ ਸੰਗਤਾਂ ਦਾ ਰੋਮ ਰੋਮ ਸ਼ੁਕਰਾਨਾ ਵੀ ਕਰ ਰਿਹਾ ਸੀ ਕਿ ਵਾਹਿਗੁਰੂ ਨੇ ਹੱਕ ਤੇ ਸੱਚ ਲਈ ਲੱਗੇ ਮੋਰਚੇ ਦੀ ਆਪ ਲਾਜ ਰੱਖੀ ਹੈ। ਸਿੱਖ ਸੰਗਤ ਨੇ ਦੱਸਿਆ ਕਿ, ਪ੍ਰਸ਼ਾਸਨ ਵੱਲੋਂ ਨਵੀਂ ਕਮੇਟੀ ਦੀ ਚੋਣ ਹੁਣ ਸਤੰਬਰ ਮਹੀਨੇ ਵਿੱਚ ਵੋਟਾਂ ਪਵਾ ਕੇ ਕੀਤੀ ਜਾਵੇਗੀ ਤੇ ਜਿਹੜਾ ਵੀ ਪ੍ਰਧਾਨ ਜਿੱਤਦਾ ਹੈ ਉਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲੇਗਾ। ਸਤੰਬਰ ਵਿੱਚ ਹੋਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਪ੍ਰਸ਼ਾਸਨ ਵੱਲੋਂ ਕਰਵਾਈ ਜਾ ਰਹੀ ਚੋਣ ਜਿੱਥੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੀਆਨੋ ਦੀ ਪੋਰਦੀਨੋਨੇ ਨੂੰ ਨਵੀਂ ਪ੍ਰਬੰਧਕ ਕਮੇਟੀ ਪ੍ਰਦਾਨ ਕਰੇਗੀ, ਉੱਥੇ ਇਸ ਕਾਰਵਾਈ ਨਾਲ ਇਹ ਗੁਰਦੁਆਰਾ ਸਾਹਿਬ ਇਟਲੀ ਦਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਹੋਵੇਗਾ ਜਿੱਥੇ ਪਹਿਲੀ ਵਾਰ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਸ਼ਾਸਨ ਨੂੰ ਵੋਟਾਂ ਦੁਆਰਾ ਕਰਵਾਉਣੀ ਪਈ। ਗੌਰਤਲਬ ਹੈ ਕਿ ਇਸ ਮੋਰਚੇ ਵਿੱਚ ਇਟਲੀ ਦੀ ਕਿਸੇ ਵੀ ਧਾਰਮਕਿ ਸਿੱਖ ਸੰਸਥਾ ਜਾਂ ਆਗੂ ਨੇ ਪਹੁੰਚ ਕੇ ਸੰਗਤ ਦੀ ਬਾਂਹ ਨਹੀਂ ਫੜੀ ਅਤੇ ਨਾ ਹੀ ਪਿਛਲੇ 8 ਦਿਨਾਂ ਤੋਂ ਗੁਰੂ ਸਾਹਬਿ ਜੀ ਦੇ 11 ਸਰੂਪਾਂ ਦੀ ਹੋ ਰਹੀ ਬੇਅਦਬੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਜਦੋਂ ਕਿ ਪਿਛਲੇ ਦਿਨੀਂ ਗੁਟਕਾ ਸਾਹਬਿ ਦੀ ਬੇਅਦਬੀ ਦੀ ਵਾਪਰੀ ਘਟਨਾ ਦੌਰਾਨ ਇਟਲੀ ਦੀਆਂ ਸਾਰੀਆਂ ਸਿੱਖ ਜੱਥੇਬੰਦੀਆਂ ਵੱਲੋਂ ਇਸ ਘਟਨਾ ਦੀ ਮੀਟਿੰਗ ਕਰਕੇ ਨਿੰਦਿਆ ਵੀ ਕੀਤੀ ਗਈ ਸੀ, ਪਰ ਮੌਜ਼ੂਦਾ ਮਸਲੇ ਵਿੱਚ ਇਟਲੀ ਦੀ ਕਿਸੇ ਵੀ ਜਥੇਬੰਦੀ ਨੇ ਹਾਅ ਦਾ ਨਾਅਰਾ ਮਾਰਨਾ ਵੀ ਮੁਨਾਸਬ ਨਹੀਂ ਸਮਝਆਿ।
ਇਟਲੀ ਦੀਆਂ ਸੰਗਤਾਂ ਇਸ ਗੱਲ ਦਾ ਜਵਾਬ ਮੰਗਦੀਆਂ ਹਨ ਕਿ ਆਪਣੇ ਆਪ ਨੂੰ ਸਿਰਮੌਰ ਸੰਸਥਾਵਾਂ ਕਹਾਉਣ ਵਾਲੀਆਂ ਜਥੇਬੰਦੀਆਂ ਨੇ ਇਸ ਵਿਵਾਦ ਵਿੱਚ ਦੋਹਰੇ ਮਾਪਦੰਡ ਕਿਉਂ ਅਪਨਾਏ ਹਨ। ਗੁਰੂ ਸਾਹਿਬ ਦੀ ਹੋਈ ਬੇਅਦਬੀ ਲਈ ਕੌਣ ਮੰਗੇਗਾ ਮੁਆਫ਼ੀ। ਇਸ ਗੱਲ ਨੂੰ ਕੀ ਸਮਝਆਿ ਜਾਵੇ ਕਿ ਆਗੂ ਸਿਰਫ ਸ਼ੌਹਰਤ ਦੇ ਭੁੱਖੇ ਹਨ, ਜਿਹੜੇ ਕਿ 8 ਦਿਨਾਂ ਤੋਂ ਹੋ ਰਹੀ ਬੇਅਦਬੀ ਨੂੰ ਨਜ਼ਰ ਅੰਦਾਜ ਕਰਕੇ ਸਿਰਫ਼ ਆਪਣੀਆਂ ਯਾਰੀਆਂ ਪੁਗਾਉਣ ਉੱਤੇ ਰਹੇ ਜਦੋਂਕਿ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਵਿਰੁੱਧ 8 ਦਿਨ ਨਿਡਰਤਾ ਨਾਲ ਮੋਰਚਾ ਲਗਾ ਕੇ ਮਿਸ਼ਨ ਫਤਿਹ ਕੀਤਾ!