ਇਟਲੀ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 112 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
ਇੱਕ ਚਰਵਾਹੇ, ਖੱਚਰ-ਚਾਲਕ ਅਤੇ ਕਿਸਾਨ ਵਜੋਂ ਜਾਣੇ ਜਾਂਦੇ ਵਿਤਾਨਤੋਨੀਓ ਲੋਵਾਲੋ—ਜਿਨ੍ਹਾਂ ਨੂੰ ਸਾਰੇ “ਜ਼ਿਤੋਨ” ਵਜੋਂ ਜਾਣਦੇ ਸਨ—ਨੇ ਇੱਕ ਸਦੀ ਤੋਂ ਵੱਧ ਦਾ ਇਤਿਹਾਸ ਦੇਖਿਆ, ਪਰ ਦੱਖਣੀ ਇਟਲੀ ਵਿੱਚ ਆਪਣੀ ਜ਼ਮੀਨ ਨਾਲ ਜੁੜੇ ਰਿਸ਼ਤੇ ਨੂੰ ਕਦੇ ਨਹੀਂ ਤੋੜਿਆ। ਉਹ ਪੌਂਤੇਜ਼ਾ ਸੂਬੇ ਦੇ ਅਵਿਲਿਆਨੋ ਖੇਤਰ ਦੇ ਇੱਕ ਛੋਟੇ ਜਿਹੇ ਪਿੰਡ, ਸਰਨੇਲੀ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਨੇ ਆਪਣਾ ਆਖਰੀ ਜਨਮ ਦਿਨ 25 ਮਾਰਚ ਨੂੰ ਮਨਾਇਆ ਸੀ।
ਉਨ੍ਹਾਂ ਦਾ ਜੀਵਨ 1914 ਵਿੱਚ ਸ਼ੁਰੂ ਹੋਇਆ ਅਤੇ ਜ਼ਿਆਦਾਤਰ ਸਮਾਂ ਖੇਤਾਂ ਵਿੱਚ ਹੀ ਬੀਤਿਆ; ਲੋਵਾਲੋ ਨੇ ਆਪਣੇ ਪਰਿਵਾਰ ਦੀ ਮਦਦ ਲਈ 16 ਸਾਲ ਦੀ ਉਮਰ ਵਿੱਚ ਖੇਤੀ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਇਹ ਜਨੂੰਨ ਉਨ੍ਹਾਂ ਵਿੱਚ ਹਮੇਸ਼ਾ ਕਾਇਮ ਰਿਹਾ—ਉਨ੍ਹਾਂ ਨੇ ਕੰਮ ਕਰਨਾ ਉਦੋਂ ਹੀ ਬੰਦ ਕੀਤਾ ਜਦੋਂ ਉਹ 100 ਸਾਲ ਤੋਂ ਵੱਧ ਉਮਰ ਦੇ ਹੋ ਚੁੱਕੇ ਸਨ
ਇਸ ਦੌਰਾਨ, ਉਨ੍ਹਾਂ ਨੇ 20ਵੀਂ ਸਦੀ ਦੀਆਂ ਸਭ ਤੋਂ ਅਹਿਮ ਅਤੇ ਨਾਟਕੀ ਘਟਨਾਵਾਂ ਨੂੰ ਨੇੜਿਓਂ ਦੇਖਿਆ। ਚਰਵਾਹੇ ਅਤੇ ਖੱਚਰ-ਚਾਲਕ ਵਜੋਂ ਕੰਮ ਕਰਨ ਤੋਂ ਬਾਅਦ, ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਕੀਤਾ ਗਿਆ ਸੀ; ਜਰਮਨ ਸੈਨਿਕਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਰੋਡਜ਼ ਟਾਪੂ ‘ਤੇ ਭੇਜ ਦਿੱਤਾ, ਜਿੱਥੇ ਉਹ 27 ਨਵੰਬਰ 1943 ਤੱਕ ਕੈਦ ਰਹੇ।
ਉਨ੍ਹਾਂ ਨੇ ਇਨ੍ਹਾਂ ਤਜ਼ਰਬਿਆਂ ਨੂੰ ਆਪਣੀਆਂ ਲਿਖਤਾਂ ਵਿੱਚ ਦਰਜ ਕੀਤਾ, ਜੋ ਹੁਣ ਉਨ੍ਹਾਂ ਨੇ ਆਪਣੇ ਪੋਤੇ-ਪੋਤੀਆਂ ਅਤੇ ਪੜਪੋਤੇ-ਪੜਪੋਤੀਆਂ ਲਈ ਯੁੱਧ ਅਤੇ ਮੋਰਚੇ ‘ਤੇ ਬਿਤਾਏ ਸਮੇਂ ਦੇ ਰਿਕਾਰਡ ਵਜੋਂ ਸੌਂਪ ਦਿੱਤੇ ਹਨ। ਉਨ੍ਹਾਂ ਦਾ ਵਿਆਹ 1936 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਸਨ।
ਇਟਲੀ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਉਨ੍ਹਾਂ ਦੀ ਪਛਾਣ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੀ ਸੀ; ‘ਲੋਂਗੇਵੀਕਵੈਸਟ’ ਨੇ 112 ਸਾਲ ਅਤੇ 170 ਦਿਨ ਦੀ ਉਮਰ ਵਿੱਚ ਉਨ੍ਹਾਂ ਨੂੰ ਦੁਨੀਆ ਦੇ ਜਿਉਂਦੇ ਵਿਅਕਤੀਆਂ ਦੀ ਸੂਚੀ ਵਿੱਚ 45ਵਾਂ ਸਥਾਨ ਦਿੱਤਾ ਸੀ।
ਅਧਿਕਾਰਤ ਤੌਰ ‘ਤੇ ਉਨ੍ਹਾਂ ਦਾ ਜਨਮ 28 ਮਾਰਚ 1914 ਨੂੰ ਹੋਇਆ ਸੀ, ਹਾਲਾਂਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਇਹੀ ਕਹਿੰਦਾ ਰਿਹਾ ਕਿ ਉਨ੍ਹਾਂ ਦੇ ਜਨਮ ਦੀ ਤਾਰੀਖ 25 ਮਾਰਚ ਸੀ।
ਤਿੰਨ ਦਿਨਾਂ ਦੇ ਇਸ ਅੰਤਰ ਦਾ ਕਾਰਨ ਉਸ ਸਮੇਂ ਦੀਆਂ ਮੁਸ਼ਕਲਾਂ ਸਨ: ਜਨਮ ਦਰਜ ਕਰਵਾਉਣ ਲਈ ਅਵਿਲਿਆਨੋ ਦੀ ਨਗਰਪਾਲਿਕਾ ਤੱਕ ਜਾਣਾ ਪੈਂਦਾ ਸੀ—ਜੋ ਸਰਨੇਲੀ ਤੋਂ ਲਗਭਗ ਵੀਹ ਕਿਲੋਮੀਟਰ ਦੂਰ ਸੀ—ਅਤੇ ਇਸ ਲਈ ‘ਮਾਊਂਟ ਕਾਰਮਾਈਨ’ ਪਹਾੜ ਨੂੰ ਪਾਰ ਕਰਨਾ ਪੈਂਦਾ ਸੀ।
ਅਵਿਲਿਆਨੋ ਦੇ ਮੇਅਰ ਜੁਸੇਪੇ ਮੇਕਾ ਨੇ ਕਿਹਾ ਕਿ, “ਮੈਂ ਬਹੁਤ ਹੀ ਭਾਵੁਕ ਮਨ ਨਾਲ ਵਿਤਾਨਤੋਨੀਓ ਲੋਵਾਲੋ—ਸਾਡੇ ਪਿਆਰੇ ‘ਜ਼ਿਤੋਨ’—ਨੂੰ ਅਲਵਿਦਾ ਆਖ ਰਿਹਾ ਹਾਂ, ਜੋ 112 ਸਾਲ ਦੀ ਉਮਰ ਵਿੱਚ ਸਾਡੇ ਭਾਈਚਾਰੇ ਦੀਆਂ ਯਾਦਾਂ ਦੇ ਇੱਕ ਜਿਉਂਦੇ-ਜਾਗਦੇ ਅਤੇ ਅਨਮੋਲ ਖਜ਼ਾਨੇ ਵਜੋਂ ਮੌਜੂਦ ਸਨ,”। ਉਨ੍ਹਾਂ ਨੇ ਲੋਵਾਲੋ ਦੀ “ਸਾਦਗੀ, ਤਾਕਤ ਅਤੇ ਆਪਣੇ ਪਰਵਾਰ ਤੇ ਜਨਮ-ਭੂਮੀ ਪ੍ਰਤੀ ਪਿਆਰ” ਨੂੰ ਯਾਦ ਕੀਤਾ। ਖੇਤੀਬਾੜੀ ਨੀਤੀ ਬਾਰੇ ਖੇਤਰੀ ਕੌਂਸਲਰ ਕਾਰਮਾਈਨ ਸਿਕਾਲਾ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਲੋਵਾਲੋ ਨੂੰ “ਸਾਡੇ ਇਤਿਹਾਸ ਦੇ ਇੱਕ ਸਦੀ ਤੋਂ ਵੱਧ ਸਮੇਂ ਦੇ ਸੱਚੇ ਗਵਾਹ” ਵਜੋਂ ਦਰਸਾਇਆ। ਸਿਕਾਲਾ ਲਈ, ਜ਼ਿਤੋਨ ਦੀ ਕਹਾਣੀ “ਕੇਵਲ ਲੰਬੀ ਉਮਰ ਦੀ ਗਾਥਾ ਨਹੀਂ,” ਸਗੋਂ ਉਸ ਪੀੜ੍ਹੀ ਦੀ ਕਹਾਣੀ ਹੈ ਜਿਸ ਨੇ “ਕੁਰਬਾਨੀ ਅਤੇ ਦ੍ਰਿੜ੍ਹਤਾ” ਰਾਹੀਂ ਬਸੀਲੀਕਾਤਾ ਖੇਤਰ ਦੇ ਭਾਈਚਾਰਿਆਂ ਦੀ ਉਸਾਰੀ ਵਿੱਚ ਯੋਗਦਾਨ ਪਾਇਆ।
-PE.

